ਇਕਬਾਲ ਅਰਪਨ
Wikibooks ਤੋਂ
ਇਕਬਾਲ ਅਰਪਨ (15 ਜੂਨ 1938 –15 ਜੂਨ 2006)
ਇਕਬਾਲ ਅਰਪਨ 15 ਜੂਨ 2006 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਇੱਨਾਂ ਦੀ ਅਚਾਨਕ ਮੌਤ ਤੇ ਪੰਜਾਬੀ ਸਾਹਿਤ ਨੂੰ ਬਹੁਤ ਘਾਟਾ ਪਿਆ ਹੈ। ਇਕਬਾਲ ਅਰਪਨ ਐਮ ਏ ਅੰਗਰੇਜ਼ੀ ਸਨ ਤੇ ਸਾਹਿਤ ਰਚਨਾ ਪੰਜਾਬੀ ਵਿਚ ਕਰਦੇ ਸਨ। ਇੱਨਾਂ ਨੇ ਛੇ ਕਿਤਾਬਾਂ (ਮਨੁੱਖਾ ਦਰਦ ਤੇ ਕਬਰ ਦਾ ਫੁੱਲ - ਕਾਵਿ ਸੰਗ੍ਰਹਿ; ਗੁਆਚੇ ਰਾਹ, ਮੌਤ ਦਾ ਸੁਪਨਾ, ਆਫ਼ਰੇ ਹੋਏ ਲੋਕ – ਕਹਾਣੀ ਸੰਗ੍ਰਹਿ; ਪਰਾਈ ਧਰਤੀ- ਨਾਵਲ) ਪੰਜਾਬੀ ਸਾਹਿਤ ਨੂੰ ਦਿੱਤੀਆਂ। ਇਕਬਾਲ ਅਰਪਨ ਉਨਾਂ ਲੇਖਕਾਂ ਵਿਚੋਂ ਸਨ ਜਿੰਨਾਂ ਨੇ ਸਾਹਿਤ ਨੂੰ ਜ਼ਿੰਦਗੀ ਵਿਚ ਚੰਗੀ ਤਰਾਂ ਅਪਣਾਇਆ ਹੈ ਤੇ ਪ੍ਰਤੀਬੱਧਤਾ ਨਾਲ ਸੇਵਾ ਕਰਕੇ ਆਪਣੇ ਮਾਨਸਿਕ ਚਿੰਤਨ ਦੀ ਪੂਰਤੀ ਕੀਤੀ ਤੇ ਬਣਦਾ ਯੋਗਦਾਨ ਪਾਇਆ। ਇਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਇਕਬਾਲ ਅਰਪਨ ਸ਼ਖਸੀਅਤ ਤੌਰ ਤੇ ਸਿਰੜੀ ਤੇ ਸਿਦਕਵਾਨ ਸਨ ਜਿਨਾਂ ਦੀ ਸਮੁੱਚੀ ਲਿਖਤ ਵਿਚ ਅਗਾਂਹਵਧੂ ਤੇ ਉਸਾਰੂ ਵਿਚਾਰ ਹਨ। ਇਸੇ ਕਰਕੇ ਇਕਬਾਲ ਅਰਪਨ ਸਾਹਿਤਕ ਹਲਕਿਆਂ ਵਿਚ ਜਾਣਿਆ ਪਹਿਚਾਣਿਆ ਨਾਂ ਹੈ। ਉਨਾਂ ਦੀਆਂ ਕਵਿਤਾਵਾਂ, ਕਹਾਣੀਆਂ ਤੇ ਨਾਵਲ ਉਨਾਂ ਦੇ ਉਸਾਰੂ ਲੇਖਕ, ਵਧੀਆ ਦੋਸਤ ਤੇ ਚੰਗੇ ਇਨਸਾਨ ਹੋਣ ਦਾ ਅਹਿਸਾਸ ਕਰਵਾਉਂਦੀਆਂ ਹਨ। ਇਕਬਾਲ ਅਰਪਨ ਦਾ ਜਨਮ 15 ਜੂਨ 1938 ਨੂੰ ਜੈਪੁਰ ਵਿਖੇ ਹੋਇਆ। ਇਨਾਂ ਦਾ ਪਿਛਲਾ ਪਿੰਡ ਛੱਜਾਵਾਲ (ਜਗਰਾਉਂ) ਹੈ।ਇਹ ਮਸ਼ਹੂਰ ਗਜ਼ਲਗੋ ਕੇਸਰ ਸਿੰਘ ਨੀਰ ਦੇ ਛੋਟੇ ਭਰਾ ਸਨ। ਇਕਬਾਲ ਅਰਪਨ ਕੋਲ ਪੰਜਾਬ ਤੋਂ ਇਲਾਵਾ ਕਨੇਡਾ ਤੇ ਅਫਰੀਕਾ ਦੇ ਕਈ ਮੁਲਕਾਂ ਵਿਚ ਹੰਢਾਏ ਜੀਵਨ ਦਾ ਅਨੁਭਵ ਸੀ। ਇਹ ਅਨੁਭਵ ਹੀ ਉਨਾਂ ਦੀ ਸਾਹਿਤ ਧਾਰਾ ਦਾ ਸਰੋਤ ਬਣਿਆ ਰਿਹਾ। ਸਾਹਿਤ ਦੀਆਂ ਤਿੰਨੇ ਵਿਧਾਵਾਂ ‘ਚੋਂ ਉਨਾਂ ਨੇ ਕਵਿਤਾ ਨੂੰ ਵਿਅੰਗਮਈ ਤਰੀਕੇ ਨਾਲ ਪੇਸ਼ ਕੀਤਾ। ਕਵਿਤਾ ਵਿਚ ਸਮਾਜਿਕ ਚਿਤਰਣ ਨੂੰ ਕਟਾਖਸ਼ ਦੇ ਕੇ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਣ ਤੱਕ ਕਾਮਯਾਬ ਰਹੇ ਹਨ। ਸਾਹਿਤ ਦੀ ਸਿਰਜਣਾ ਹੀ ਮਨੁੱਖੀ ਚਿੰਤਨ ਤੇ ਸਮੱਸਿਆਵਾਂ ਨੂੰ ਪੜਤਾਲਣ ਕਰਕੇ ਹੈ। ਇਸ ਵਰਤਾਰੇ ਵਿਚੋਂ ਸਾਹਿਤਕਾਰ ਮਨੁੱਖੀ ਸੱਭਿਅਤਾ ਨੂੰ ਉਸਾਰੂ ਸੇਧ ਦੇਂਦਾ ਹੈ। ਇਸੇ ਤਰਾਂ ਹੀ ਅਰਪਨ ਸਾਹਿਬ ਦੀ ਸਾਹਿਤਕ ਦਸ਼ਾ ਸਮਾਜ ਦੀ ਬਿਹਤਰੀ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਬਹਾਲ ਕਰੀ ਰੱਖਣ ਤੇ ਉਸਾਰੂ ਸੇਧ ਦੀ ਨਿਸ਼ਾਨਦੇਹੀ ਸੀ। ਕਾਫੀ ਅਰਸਾ ਅਫਰੀਕੀ ਮੁਲਕਾਂ ਵਿਚ ਜ਼ਿੰਦਗੀ ਹੰਢਾਉਣ ਤੋਂ ਬਾਅਦ ਉਨਾਂ ਦਾ ਅਨੁਭਵ ਕ੍ਰਿਆਤਮਿਕ ਤੇ ਯਥਾਰਥਵਾਦੀ ਰਿਹਾ ਹੈ। ਅਰਪਣ ਸਾਹਿਬ ਇੱਕ ਮਿਲਣਸਾਰ ਤੇ ਖੁਸ਼ਤਬੀਅਤ ਵਾਲੇ ਇਨਸਾਨ ਸਨ। ਆਪਣੇ ਆਲੇ ਦੁਆਲੇ ਵਿਚ ਹੋ ਰਹੀਆਂ ਸਾਹਿਤਕ ਸਰਗਰਮੀਆਂ ਵਿਚ ਬੜੇ ਉਤਸ਼ਾਹ ਨਾਲ ਯੋਗਦਾਨ ਪਾਉਂਦੇ ਸਨ। ਪੰਜਾਬੀ ਲਿਖਾਰੀ ਸਭਾ ਕੈਲਗਿਰੀ ਦੇ ਫਾਂਉਡਿੰਗ ਤੇ ਸਰਗਰਮ ਮੈਂਬਰ ਸਨ। ਰਿਟਾਇਰ ਹੋਣ ਤੋਂ ਬਾਅਦ ਜ਼ਿਆਦਾ ਸਮਾਂ ਸਮਾਜਿਕ ਤੇ ਸਾਹਿਤ ਸੇਵਾ ਵਿਚ ਲਗਾਉਂਦੇ ਸਨ। ਰਿਟਾਇਰਮੈਂਟ ਵਿਚ ਉਨਾਂ ਦੀ ਚਾਹਨਾ ਸੀ ਕਿ ਸਾਹਿਤ ਨੂੰ ਪੜ੍ਹਿਆ ਤੇ ਲਿਖਿਆ ਜਾਵੇ। ਪਰ ਉਨਾਂ ਦੀ ਇੱਛਾ ਜ਼ਿੰਦਗੀ ਦੇ ਸਮੇਂ ਨਾਲ ਮੇਲ ਨਾ ਖਾ ਸਕੀ। ਮੇਪਲ ਲੀਫ ਰਾਈਟਰਜ਼ ਫਾਉਡੇਸ਼ਨ ਆਫ ਐਡਮਿੰਟਨ ਇਕਬਾਲ ਅਰਪਨ ਉਨਾਂ ਦੇ ਅਚਾਨਕ ਸੰਸਾਰ ਵਿਛੋੜੇ ਤੇ ਪਰਿਵਾਰ ਤੇ ਪੰਜਾਬੀ ਜਗਤ ਨਾਲ ਅਫਸੋਸ ਜ਼ਾਹਿਰ ਕਰਦੀ ਹੈ।
ਦਲਬੀਰ ਸਾਂਗਿਆਣ ਜਨਰਲ ਸਕੱਤਰ, ਮੇਪਲਲੀਫ ਰਾਈਟਰਜ਼ ਫਾਉਡੇਸ਼ਨ ਆਫ ਐਡਮਿੰਟਨ
ਉਹ (ਇਕਬਾਲ ਅਰਪਨ)
ਉਹ ਸੁਪਨੇ ਹੀ ਬੀਜਦਾ ਰਿਹਾ ਜੋ ਅੱਜ ਤੱਕ ਨਹੀਂ ਉੱਗੇ। ਉਹ ਧੁੱਪ ਤੋਂ ਡਰਦਾ ਪੇੜ ਦੀ ਛਾਂ ‘ਚ ਬੈਠਾ ਰਿਹਾ ‘ਤੇ ਲੂਅ ਨਾਲ ਹੀ ਝੁਲਸਿਆ ਗਿਆ। ਉਹ ਹਨ੍ਹੇਰੇ ‘ਚੋ ਕੁਝ ਲੱਭਣ ਤੁਰਿਆ ਸੀ ਪਰ ਆਪਣਾ ਪਰਛਾਵਾਂ ਵੀ ਗੁਆ ਆਇਆ। ਉਹ ਨਵੀਂ ਸਵੇਰ ਦੀ ਉਡੀਕ ਵਿੱਚ ਨਜ਼ਰਾਂ ਵਿਛਾ ਕੇ ਬੈਠਾ ਰਿਹਾ ‘ਤੇ ਅੱਖਾਂ ਦੀ ਰੌਸ਼ਨੀ ਵੀ ਖੋ ਬੈਠਾ। ਉਹ ਸਾਰੀ ਉਮਰ ਅੱਗ ਦੇ ਭਾਂਬੜ ਵਾਂਗ ਬਲ਼ਦਾ ਰਿਹਾ ਪਰ ਕਿਸੇ ਨੂੰ ਰਤਾ ਵੀ ਸੇਕ ਨਾ ਲੱਗਾ। ਉਹ ਮਰਦੇ ਦਮ ਤੱਕ ਰੋਟੀ ਦੀ ਬੁਰਕੀ ਲਈ ਤਰਸਦਾ ਰਿਹਾ ਪਰ ਸਭ ਦੀਆਂ ਨਜ਼ਰਾਂ ਚੰਨ ਤਾਰਿਆ ‘ਤੇ ਲੱਗੀਆਂ ਰਹੀਆਂ। ਉਹ ਸੱਚ ਦੀ ਦੁਕਾਨ ਖੋਲ੍ਹ ਕੇ ਕਮਾਈ ਕਰਨ ਬੈਠਾ ਸੀ ਪਰ ਭੁੱਖ ਨਾਲ ਹੀ ਸਵਰਗਵਾਸ ਹੋ ਗਿਆ।
ਮੌਲਾ ਖੈਰ ਕਰੇ (ਇਕਬਾਲ ਅਰਪਨ)
ਕਰਦੇ ਖੇਲ ਨਿਆਰੇ, ਮੌਲਾ ਖੈਰ ਕਰੇ। ਬਾਬਾ ਹੀ ਭਨਿਆਰੇ, ਮੌਲਾ ਖੈਰ ਕਰੇ।
ਅੱਜ ਦਾ ਬੱਚਾ ਦਿੰਦਾ ਤੜ੍ਹੀਆਂ ਬਾਪੂ ਨੂੰ ਦਿਨੇ ਦਿਖਾ ਦੂੰ ਤਾਰੇ, ਮੌਲਾ ਖੈਰ ਕਰੇ।
ਛੋਟੇ ਛੋਟੇ ਲੋਕੀ, ਲੀਡਰ ਬਣ ਬੈਠੇ ਲਾ ਲਾ ਵੱਡੇ ਨਾਹਰੇ, ਮੌਲਾ ਖੈਰ ਕਰੇ।
ਭਾਈਆਂ ਦੀ ਅੱਖ, ਤਾੜੇ ਡਾਲਰ ਡਾਲਰ ਨੂੰ ਖੜ੍ਹਕਣ ਸਾਜ਼ ਵਿਚਾਰੇ, ਮੌਲਾ ਖੈਰ ਕਰੇ।
ਰਾਤੀਂ ਦਾਰੂ ਪੀ ਕੇ ਖੌਰੂ ਪਾਉਂਦਾ ਸੀ ਦਿਨ ਨੂੰ ਗੁਰੂ-ਦੁਆਰੇ, ਮੌਲਾ ਖੈਰ ਕਰੇ।
ਮਾਣ ਕਰੀਂ ਨਾ, ਉੱਚੇ ਉੱਚੇ ਮਹਿਲਾਂ ਦਾ ਢੇਰੀ ਹੋਏ ਮੁਨਾਰੇ, ਮੌਲਾ ਖੈਰ ਕਰੇ।
ਜੁੜੇ ਹੋਏ ਸੀ, ਜਟਾਂ ਬਣੇ ਸੀ, ਕੀ ਦੱਸਾਂ ਮਿੰਦਰੋ ਬਾਲ ਸ਼ਿੰਗਾਰੇ, ਮੌਲਾ ਖੈਰ ਕਰੇ।
ਸੱਪਾਂ ਨੂੰ ਵੀ ਦੁੱਧ ਪਿਆਉਂਦੇ ਫਿਰਦੇ ਸੀ ਰਗੜੇ ਗਏ ਵਿਚਾਰੇ, ਮੌਲਾ ਖੈਰ ਕਰੇ।
ਸਾਹਾਂ ਤੋਂ ਵੀ, ਹਲਕੇ ਸੱਜਣ ਲਗਦੇ ਸੀ ਹੁਣ ਕਿਉਂ ਹੋ ਗਏ ਭਾਰੇ, ਮੌਲਾ ਖੈਰ ਕਰੇ।
ਵਿੱਚ ਕਨੇਡਾ ਆ ਕੇ ਯੁਸਫ ਬਣ ਜਾਂਦੇ ਵਿੰਗੇ ਟੇਢੇ ਸਾਰੇ, ਮੌਲਾ ਖੈਰ ਕਰੇ।
ਭਾਈ, ਪੰਡਤ, ਮੁੱਲਾਂ ਕਿੱਦਾਂ ਫੜੇ ਗਏ ਦਾਰੂ ਪੀਂਦੇ ਸਾਰੇ, ਮੌਲਾ ਖੈਰ ਕਰੇ।
ਗੋਲਕ ਨੂੰ, ਸੰਨ੍ਹ ਲਾ ਕੇ, ਕਹਿੰਦੇ ਸੰਗਤ ਨੂੰ ਹਮ ਹੈਂ ਦਾਸ ਤੁਮਾਰੇ, ਮੌਲਾ ਖੈਰ ਕਰੇ।
ਗ਼ਜ਼ਲ (ਇਕਬਾਲ ਅਰਪਨ)
ਅਸੀਂ ਤਾਂ ਸੋਚਿਆ ਸੀ, ਹੁਣ ਤੁਰਾਂਗੇ ਕਾਫਲਾ ਬਣ ਕੇ। ਅਸਾਨੂੰ ਕੀ ਪਤਾ, ਲੋਕਾਂ ਨੇ ਮਿਲਣਾ ਫਾਸਲਾ ਬਣ ਕੇ।
ਧਰਮ ਦੇ ਨਾਲ ਦੱਸੋ, ਕਿਸ ਧਰਮ ਦੀ ਗੱਲ ਕਰਦੇ ਹੋ ਧਰਮ ਜੋ ਰਹਿ ਗਿਆ,ਵਿਉਪਾਰ ਦਾ ਸਿਲਸਿਲਾ ਬਣ ਕੇ।
ਅਸੀਂ ਲਹਿਰਾਂ ਤੇ ਬਹਿ ਕੇ ਹੀ ਸਮੁੰਦਰ ਚੀਰ ਜਾਣਾ ਸੀ ਜੇ ਮਾਂਝੀ ਮਿਲ ਗਿਆ ਹੁੰਦਾ, ਅਸਾਨੂੰ ਹੌਸਲਾ ਬਣ ਕੇ।
ਜ਼ਰਾ ਖਾਮੋਸ਼ ਬੈਠੇ ਹਾਂ, ਨਹੀਂ ਜਜ਼ਬੇ ਮਰੇ ਸਾਡੇ ਤੁਸੀਂ ਖੁਦ ਦੇਖ ਲੈਣਾ, ਉੱਠਣਾ ਹੈ ਜ਼ਲਜਲਾ ਬਣ ਕੇ।
ਮੇਰਾ ਰਹਿਬਰ ਸਿਆਣਾ ਹੈ, ਤੇ ਬੋਲੀ ਬੋਲਦੈ ਮਿੱਠੀ ਬੱਸ ਇਕੋ ਗੱਲ ਮਾੜੀ ਏ, ਕਿ ਮਿਲਦੈ ਦੋਗਲਾ ਬਣ ਕੇ।
ਗਜ਼ਲ (ਇਕਬਾਲ ਅਰਪਨ)
ਇਹ ਬੰਦਾ ਵੀ ਪਹੇਲੀ ਹੈ ਕਦੇ ਖੁਦ ਨੂੰ ਖੁਦਾ ਸਮਝੇ ਕਦੇ ਪਾਣੀ ਦਾ ਆਪਣੇ ਆਪ ਨੂੰ ਇੱਕ ਬੁਲਬੁਲਾ ਸਮਝੇ
ਜਦੋਂ ਲੋਕਾਂ ‘ਚ ਵਿਚਰੇ ਸਮਝਦਾ ਹੈ ਭੀੜ ਦਾ ਹਿੱਸਾ ਜਦੋਂ ਕੁਝ ਲੋਰ ਵਿਚ ਹੋਵੇ ਤਾਂ ਹੋਰਾਂ ਤੋਂ ਜੁਦਾ ਸਮਝੇ
ਹਨੇਰੀ ਕੋਠੜੀ ਅੰਦਰ ਅਲਾਪੇ ਰਾਗ ਆਪਣਾ ਹੀ ਤੇ ਬਾਕੀ ਦੇ ਜਮਾਨੇ ਨੂੰ ਸਰਾਸਰ ਬੇਸੁਰਾ ਸਮਝੇ
ਮੁਸੀਬਤ ਆ ਪਵੇ ਕੋਈ ਤਾਂ ਰੋਵੇ ਖੂਨ ਦੇ ਹੰਝੂ ਜੇ ਹੋਵੇ ਪੀੜ ਦੂਜੇ ਨੂੰ ਤਾਂ ਉਸਨੂੰ ਕਹਿ ਕਹਾ ਸਮਝੇ
ਜਦੋਂ ਕੁਝ ਰਾਸ ਨਾ ਆਵੇ ਨਿਤਾਣਾ ਹੀ ਕਹੇ ਖੁਦ ਨੂੰ ਜਦੋਂ ਦਿਨ ਬੀਤ ਜਾਵਣ ਫੇਰ ਖੁਦ ਨੂੰ ਆਸਰਾ ਸਮਝੇ
ਵਫ਼ਾ ਦੇ ਅਰਥ ਜਿਹੜਾ ਜ਼ਿੰਦਗੀ ਭਰ ਸਮਝ ਨਾ ਸਕਿਆ ਕਹਾਂ ਮੈਂ ਕਿਸ ਤਰਾਂ ਉਹ ਹਰ ਕਿਸੇ ਨੂੰ ਬੇਵਫ਼ਾ ਸਮਝੇ
ਗਜ਼ਲ (ਇਕਬਾਲ ਅਰਪਨ)
ਮਜ਼ਬ੍ਹਾਂ ਦੇ ਸੌੜੇ ਘੇਰਿਆਂ ਚੋਂ ਬਾਹਰ ਆਓ ਦੋਸਤੋ ਹਰ ਕਿਸੇ ਇਨਸਾਨ ਨੂੰ ਸੀਨੇ ਲਗਾਉ ਦੋਸਤੋ
ਗੈਰ ਦੀ ਤਾਕਤ ਤੇ ਕਿੰਨਾ ਚਿਰ ਭਰੋਸਾ ਕਰੋਗੇ ਆਪਣੇ ਹੀ ਡੌਲ਼ਿਆਂ ਨੂੰ ਅਜ਼ਮਾਓ ਦੋਸਤੋ
ਗੁਰਦੁਆਰੇ ਮਸਜਦਾਂ ਮੰਦਰ ਬਥੇਰੇ ਬਣ ਗਏ ਆਦਮੀ ਦੇ ਰਹਿਣ ਲਈ ਹੁਣ ਘਰ ਬਣਾਓ ਦੋਸਤੋ
ਨੇਰ੍ਹਿਆਂ ਨੂੰ ਦੂਰ ਕਰਨਾ ਲੋਚਦੇ ਹੋ ਜੇ ਤੁਸੀਂ ਮਿਲ ਕੇ ਸਾਂਝੀ ਸੋਚ ਦੇ ਦੀਵੇ ਜਗਾਓ ਦੋਸਤੋ
ਨਫ਼ਰਤਾਂ ਦੀ ਤੋਪ ਨੂੰ ਸਭ ਨੇ ਚਲਾ ਕੇ ਦੇਖਿਆ ਪਿਆਰ ਦੇ ਹਥਿਆਰ ਨੂੰ ਵੀ ਅਜ਼ਮਾਓ ਦੋਸਤੋ
ਕੱਟ ਹੀ ਜਾਵੇਗੀ ਇਹ ਕਾਲੀ ਤੇ ਬੋਲੀ ਰਾਤ ਵੀ ਕੁਝ ਸੁਣੋ ਸਾਡੀ ਤੇ ਕੁਝ ਆਪਣੀ ਸੁਣਾਉ ਦੋਸਤੋ
ਰੁਬਾਈ (ਇਕਬਾਲ ਅਰਪਨ)
ਦੁਸ਼ਮਨ ਭੀ ਆਜ ਦੋਸਤੀ ਕਾ ਐਲਾਨ ਕਰ ਗਯਾ। ਵੋਹ ਸ਼ਖਸ ਮੁਝਕੋ ਇਸ ਤਰਾਂ ਹੈਰਾਨ ਕਰ ਗਯਾ। ਮੈਂ ਡਰ ਰਹਾ ਥਾ,ਲੂਟ ਕਰ ਬਰਬਾਦ ਕਰ ਦੇ ਗਾ ਆਪਨੀ ਜਾਗੀਰ ਭੀ,ਵੋਹ ਮੇਰੇ ਨਾਮ ਕਰ ਗਯਾ।
ਗੁਰੂ ਗੋਬਿੰਦ ਸਿੰਘ (ਇਕਬਾਲ ਅਰਪਨ)
ਹੇ ਕਲਗੀਧਰ ਪਿਤਾ ਏਸ ਭਰੇ ਦੀਵਾਨ ਵਿਚ ਮੈਂ ਇਸ ਸਟੇਜ ਤੇ ਖੜ੍ਹ ਕੇ ਸੌਂਹ ਚੁੱਕਦਾ ਹਾਂ ਕਿ ਜੋ ਕੁਝ ਵੀ ਮੈਂ ਕਹਾਂਗਾ ਸੱਚ ਕਹਾਂਗਾ ਤੇ ਸੱਚ ਤੋ ਸਿਵਾ ਕੁਝ ਨਹੀਂ ਕਹਾਂਗਾ
ਹੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਏਸ ਵਿਗਿਆਨਿਕ ਯੁਗ ਵਿਚ ਜਿਥੇ ਦੁਨੀਆਂ ਦੇ ਲੋਕਾਂ ਨੇ ਬੜੇ ਪ੍ਰਯੋਗ ਕੀਤੇ ਨੇ ਅਸੀਂ ਕੋਈ ਘੱਟ ਨਹੀਂ ਕੀਤੀ ਬੇ-ਸ਼ੁਮਾਰ ਗੁਰੂ ਘਰ ਬਣਾਏ ਨੇ ਅਣਗਿਣਤ ਦੀਵਾਨ ਸਜਾਏ ਨੇ ਅਥਾਹ ਲੰਗਰ ਵਰਤਾਏ ਨੇ ਬੜੇ ਜੈਕਾਰੇ ਲਾਏ ਨੇ ਤੇਰੀ ਬਖਸ਼ੀ ਕ੍ਰਿਪਾਨ ਨੂੰ ਜੰਗ ਨਹੀਂ ਲੱਗਣ ਦਿੱਤਾ ਉਸਦੀ ਵਰਤੋਂ ਗੁਰੂ ਘਰਾਂ ‘ਚ ਕੀਤੀ ਹੈ ਜਦੋਂ ਕੋਈ ਤਰਕ ਨਹੀਂ ਲੱਭਿਆ ਉਦੋਂ ਗੋਲੀ ਚਲਾਈ ਹੈ ਇਹ ਕੌੜਾ ਸੱਚ ਹੈ ਦਾਤਾ ਬਈ ਗੋਲਕ ਦੀ ਲੜਾਈ ਹੈ ਕਿ ਪਾ ਕੇ ਵਰਦੀਆਂ ਦੇਖਣ ਤਮਾਸ਼ਾ ਪੁਲਸ ਵੀ ਆਈ ਹੈ।
ਹੇ ਕਲਗੀਧਰ ਪਿਤਾ ਅੱਜ ਅਸੀਂ ਬਹੁਤ ਕੁਝ ਹਾਂ ਦੁਆਬੀਏ ਹਾਂ ਮਲਵਈ ਹਾਂ ਭਾਪੇ ਹਾਂ ਮਝੈਲ ਹਾਂ ਜੱਟ ਹਾਂ ਤਰਖਾਣ ਹਾਂ ਦਰਜੀ ਹਾਂ ਚਮਿਆਰ ਹਾਂ ਵਿਰਦੀ ਹਾਂ ਪਰਮਾਰ ਹਾਂ ਅੱਜ ਅਸੀਂ ਇੱਕ ਨਹੀਂ ਬੇ-ਸ਼ੁਮਾਰ ਹਾਂ ਕਿੰਨੇ ਹੀ ਕਿਰਦਾਰ ਹਾਂ ਅੱਜ ਅਸੀਂ ਬਹੁਤ ਕੁਝ ਹਾਂ ਇਹ ਗੱਲ ਵੱਖਰੀ ਹੈ ਕਿ ਤੇਰੇ ਦਿੱਤੇ ਹੋਏ ਸਬਕ ਨੂੰ ਰਟਿਆ ਤਾਂ ਬਹੁਤ ਹੈ ਪਰ ਅਮਲ ਨਹੀਂ ਕੀਤਾ … ਪਰ ਅਮਲ ਨਹੀਂ ਕੀਤਾ।