ਚੀਕ
Wikibooks ਤੋਂ
ਮੈਂ ਤਾਂ ਇੱਕ ਸੋਟੀ ਹਾਂ। ਵਾਕਿੰਗ ਕੇਨ। ਚੁੱਪ ਹਾਂ, ਪਰ ਮੇਰੇ ਅੰਦਰ ਸ਼ੋਰ ਸਮੁੰਦਰ ਦੀਆਂ ਠਾਠਾਂ ਤੋਂ ਵੀ ਡਾਢਾ ਹੈ। ਘਰ ਵਿੱਚ ਮੈਂ ਇਕ ਆਬਜੈਕਟ ਦੀ ਤਰ੍ਹਾਂ ਹਾਂ, ਜਦੋਂ ਲੋੜ ਪਈ, ਵਰਤ ਲਈ। ਕੰਮ ਕਰਦੀ ਹਾਂ, ਚੁੱਪ-ਚਾਪ ਰੋਬੋਟ ਦੀ ਤਰ੍ਹਾਂ। ਨਵੀਂ ਰੁੱਤ ਆਉਂਦੀ ਹੈ ਤਾਂ ਮੇਰੇ ਤੇ ਕੋਈ ਹਰਿਆਲੀ ਨਹੀਂ ਚਮਕਦੀ। ਨਕਲੀ ਫੁੱਲਾਂ ਵਾਂਗ ਮੈਂ ਵੀ ਅਤਰ-ਫੁਲੇਲ ਲਾ ਕੇ ਦੂਜਿਆਂ ਨੂੰ ਪ੍ਰਭਾਵਤ ਕਰ ਦਿੰਦੀ ਹਾਂ। ਮੇਰੀ ਚੁੱਪ ਵਿੱਚ ਹੀ ਮੇਰੀ ਭਲਮਾਣਸੀ ਹੈ। ਹੋਰ ਕਰਾਂ ਵੀ ਕੀ? ਜਿਸਦੇ ਲੜ ਲੱਗੀ ਹਾਂ, ਉਹ ਮੈਨੂੰ ਮੇਰੀ ਔਕਾਤ ਦਾ ਅਹਿਸਾਸ ਦੁਆਉਣੋਂ ਵੀ ਤਾਂ ਨਹੀਂ ਹੱਟਦਾ। ਪੂਰੀ ਉਮਰ, ਉਸ ਦੀਆਂ ਵਿਉਂਤਾਂ ਸੁਣਦੀ ਆਈ ਹਾਂ। ਤੇ ਮਿੱਟੀ ਦੀ ਢੇਰੀ ਵਾਂਗ ਬੈਠੀ ਰਹਿੰਦੀ ਹਾਂ। ਖਾਲੀ ਕੁੱਖ ਨੂੰ ਪਲੋਸਦੀ। ਕੁੱਖ ਦੇ ਹੀਰੇ ਨੂੰ ਭਾਲ਼ਦੀ। ਉਸਦੀ ਮਹਿਕ ਨੂੰ ਅੰਦਰ ਸਮੋਂਦੀ। ਉਸਦੇ ਅਹਿਸਾਸ ਨੂੰ ਰੋਮ-ਰੋਮ ਵਿਚ ਵਸਾਉਂਦੀ।
ਉਮਰ ਬੀਤ ਚੱਲੀ ਹੈ, ਪਰ ਇਸ ਆਦਮੀ ਦੀਆਂ ਵਿਉਂਤਾਂ ਫੇਰ ਵੀ ਚਲਦੀਆਂ ਹਨ। ਸਭ ਕੁੱਝ ਹਾਸਿਲ ਕਰ ਕੇ ਵੀ ਇਹ ਕੰਗਾਲ ਹੈ। ਸਭ ਕੁਝ ਗੁਆ ਕੇ ਵੀ ਇਸਨੂੰ ਪਾਉਣ ਦੀ ਜਾਚ ਨਹੀਂ ਆਈ। ਧੰਨ ਦੇ ਢੇਰ ਹੀ ਇਸਦੇ ਪਾਉਣ ਦੀ ਚਾਹਤ ਹਨ। ਭੁੱਖ ਹੈ ਅੰਦਰ, ਇੰਤਹਾ ਭੁੱਖ। ਪਿਆਰ ਦੀ ਨਹੀਂ, ਵਿਸ਼ਵਾਸ ਦੀ ਨਹੀਂ, ਦੌਲਤ ਦੀ।
… ਤੇ ਅੱਜ ਫੇਰ ਮੈਂ ਬੈਠੀ ਸੁਣ ਰਹੀ ਹਾਂ ਇਸਦੀ ਅਗਲੀ ਯੋਜਨਾ। ਇਹ ਆਪਣੇ ਦੋਸਤ ਸੀਤਲ ਨਾਲ਼ ਪਲੈਨ ਬਣਾ ਰਿਹਾ ਹੈ ਕਿ ਕਿੱਥੋਂ ਮੰਗਣ ਤੁਰਨਾ ਹੈ। ਆਖਦੈ, “ਦੇਖੋ ਜੀ, ਇਹ ਵੀ ਕੀ ਗੱਲ ਹੋਈ? ਮਿਲਣ-ਗਿਲਣ ਲਈ ਤਾਂ ਇੱਕ ਦੂਜੇ ਨੂੰ ਕੰਨਟੈਕਟ ਕੀਤਾ ਜਾਂਦਾ ਹੈ। ਵਰਨਾ ਏਸ ਤਰ੍ਹਾਂ ਦੇ ਵਕਤਾਂ ਵਿੱਚ, ਏਸ ਤਰ੍ਹਾਂ ਦੇ ਮਹੌਲ ਵਿੱਚ ਕੌਣ ਕਿਸੇ ਦੀ ਸਾਰ ਲੈਂਦੈ? ਹੈ ਨਾ? ਮੈਂ ਤਾਂ ਮਿਲਣ-ਗਿਲਣ ਵਿੱਚ ਹੀ ਵਿਸ਼ਵਾਸ ਰੱਖਦਾ ਹਾਂ। ਕਿਸੇ ਨੂੰ ਮਿਲੋਂ-ਗਿਲੋਂਗੇ ਤਾਂ ਹੀ ਤਾਂ ਅਗਲਾ ਜੇਬ ਖਾਲੀ ਕਰੂ।”
ਖੰਊ-ਖੰਊ ਕਰਦਾ ਹੈ। ਸਾਹੋ-ਸਾਹ ਹੋਇਆ ਪਿਆ ਹੈ, ਆਪਣੀ ਹਿੱਕ ਨੂੰ ਦੱਬਦਾ ਹੋਇਆ ਇਹ ਬੋਲੀ ਜਾ ਰਿਹਾ ਹੈ। ਘੀਂ-ਘੀਂ ਕਰਕੇ ਹਾਸਾ ਗੂੰਜ ਰਿਹਾ ਹੈ। ਐਂਜ ਜਾਪਦੈ ਜਿਵੇਂ ਇਸਦੀ ਹਿੱਕ ਵਿੱਚ ਗਰਾਰੀਆਂ ਦੀ ਘਰੜ-ਘਰੜ ਹੁੰਦੀ ਪਈ ਹੋਵੇ। ਪਰ ਪੇਸ਼ਾਵਰ ਆਦਤ ਕਦੋਂ ਹਟਦੀ ਹੈ। ਬੋਲਣ ਦੀ ਆਦਤ ਜੁ ਬਣ ਚੁੱਕੀ ਹੈ। ਬੋਲਣ ਦੀਆਂ ਤਾਂ ਇਸਨੇ ਸਾਰੀ ਉਮਰ ਖਾਧੀਆਂ ਹਨ।
ਮੈਂ ਸੋਚਦੀ ਹਾਂ, ਬੁੱਢੇ-ਬਾਰੇ ਇਹ ਟਿਕ ਕੇ ਕਿਉਂ ਨ੍ਹੀ ਬੈਠਦਾ? ਕਿਉਂ ਇਸਦਾ ਅੰਦਰ ਰੇਲ ਦੇ ਇੰਜਣ ਵਾਂਗ ਸਟੀਮ ਛੱਡਦਾ ਰਹਿੰਦਾ ਹੈ। ਆਪਣੀ ਹਿੱਕ ਨੂੰ ਦੱਬਦਾ ਹੋਇਆ ਫੇਰ ਆਖਦਾ ਹੈ, “ਸੀਤਲ ਸਿਆਂ! ਇਕ ਕੰਮ ਕਰ, ਆਪਾਂ ਅੱਜ ਸਾਰਾ ਟੋਰਾਂਟੋ ਗਾਹ ਮਾਰਨੈ। ਮੇਲਾ-ਗੇਲਾ ਈ ਤਾਂ ਕਰਨਾ ਹੋਇਆ। ਕਿਹੜਾ ਕਿਸੇ ਦਾ ਘਰ ਚੁੱਕ ਲਿਆਉਣੈ?”
ਕਿਵੇਂ ਹਫ਼ਿਆ ਪਿਐ? ਖੰਘੂਰਾ ਮਾਰ ਕੇ ਹਿੱਕ ਨੂੰ ਸਾਫ਼ ਕਰਦਾ ਹੈ। ਅਚੋਤਾਣੀ ਏਸਨੂੰ ਐਂਜ ਲੱਗੀ ਹੋਈ ਐ ਜਿਵੇਂ ਇਸਨੇ ਸਾਰੇ ਟੋਰਾਂਟੋ ਤੋਂ ਕੋਈ ਲੇਖਾ ਲੈਣਾ ਹੋਵੇ।
ਆਪਣੇ ਬੈਗ ਵਿੱਚੋਂ ਕਾਗ਼ਜ਼ ਪੱਤਰ ਕੱਢਦਾ ਹੋਇਆ ਬੋਲਦਾ ਹੈ, “ਦੇਖ ਵੀਰ, ਮੇਰਾ ਤਾਂ ਇਕ ਅਸੂਲ ਐ, ਮੈਂ ਕਦੇ ਕਿਸੇ ਤੋਂ ਕੌਢੀ ਨ੍ਹੀ ਮੰਗੀ। ਜੇ ਭਲਾ ਲੋਕ ਸਾਲ਼ੇ ਮੂਰਖ ਹੈਨ ਤਾਂ ਮੈਂ ਕੀ ਕਰ ਸਕਦਾਂ। ਜੇ ਕਰ ਉਨ੍ਹਾਂ ਨੇ ਚੈੱਕ ਹੱਥ ’ਤੇ ਧਰ ਹੀ ਦੇਣੈ ਤਾਂ ਵਾਹਿਗੁਰੂ ਦਾ ਨਾਂ ਲੈ ਕੇ ਫੜ ਲਓ।” … ਤੇ ਹੀਂ-ਹੀਂ ਕਰਕੇ ਗਰੜ-ਗਰੜ ਕਰਦਾ ਹਾਸਾ ਲਿਵਿੰਗ ਰੂਮ ਵਿੱਚ ਫੇਰ ਫੈਲ ਗਿਆ ਹੈ। ਹਾਸੇ ਦੀ ਬੋਝਲ ਹਵਾ ਮੇਰੀਆਂ ਅੰਤੜੀਆਂ ਨੂੰ ਕੱਠਾ ਜਿਹਾ ਕਰ ਰਹੀ ਹੈ।
“ਕਮੀਣਾ, ਕੁੱਤਾ”। ਮੇਰੇ ਅੰਦਰ ਰੋਹ ਜੁਗਾਲ ਕਰਦਾ ਹੈ। ਦੂਜੇ ਪਲ ਮੈਂ ਵਾਹਿਗੁਰੂ-ਵਾਹਿਗੁਰੂ ਆਖਦੀ ਹਾਂ। ਆਖਰ ਮੇਰਾ ਪਤੀ ਹੈ। ਰੱਬਾ ਬਖ਼ਸ਼ੀਂ। ਕਿੱਥੇ ਮੇਰੀ ਸੋਚ ਅੜ ਜਾਂਦੀ ਐ? ਜਿਵੇਂ ਮੱਛੀ ਕੁੰਡੀ-ਜਾਲ਼ ਵਿਚ ਅੜੀ ਹੋਵੇ। ਸਤਨਾਮ-ਸਤਨਾਮ। ਮਾਫ਼ ਕਰੀ ਦਾਤਾ ਸੋਚਦੀ ਹਾਂ ਪਰ ਜ਼ਹਿਰ ਅੰਦਰ ਮਧਾਣੀ ਵਾਂਗ ਫਿਰ ਰਿਹਾ ਹੈ। ਸ਼ਾਇਦ ਇਹ ਹਾਸੇ ਦੀ ਗੂੰਜ ਦਾ ਅਸਰ ਹੈ ਜਾਂ ਮੌਸਮ ਦਾ ਬਦਲਾਅ, ਮੇਰੀ ਆਰਥਰਾਈਟਸ ਵੀ ਜੋੜਾਂ ਨੂੰ ਕੱਠੇ ਕਰ ਰਹੀ ਹੈ। ਜੀਅ ਕਰਦਾ ਹੈ ਲੇਰ ਮਾਰਾਂ। ਇਸਦੇ ਹਾਸੇ ਤੇ ਸਿੱਧਾ ਵਾਰ ਕਰਾਂ। ਪਰ ਨਹੀਂ, ਇਸਨੂੰ ਕਿੱਥੇ ਸੁਣਾਈ ਦੇਣਾ ਹੈ।
ਇਸ ਸਖ਼ਸ਼ੀਅਤ ਦਾ ਨਾਂ ਗੁਰਦੇਵ ਸਿੰਘ ਹੈ। ਮੇਰਾ ਖ਼ਸਮ ਹੈ ਇਹ। ਪਤੀ ਤਾਂ ਪੱਤ ਦੇ ਰਾਖੇ ਹੁੰਦੇ ਹਨ। ਪਰ ਏਸ ਨੇ ਮੇਰੀ ਪੱਤ ਘਰ-ਘਰ ਵਿੱਚ ਰੋਲ਼ੀ ਹੈ, ਦਰ-ਦਰ ਮੰਗ ਕੇ। ਏਸ ਲਈ ਮੈਂ ਇਸਨੂੰ ਪਤੀ ਨਹੀਂ ਆਖਾਂਗੀ। ਖਸਮ, ਦੀ ਸਿਰਫ਼ ਜੀ-ਹਜ਼ੂਰੀ ਕੀਤੀ ਜਾਂਦੀ ਹੈ। ਇਕ ਵਾਰੀ ਮੈਂ ਬੇਬੇ ਨੂੰ ਪੁੱਛਿਆ ਸੀ ਕਿ, “ਬੇਬੇ ਇਸ ਦੇ ਅੰਦਰ ਸਬਰ-ਸੰਤੋਖ ਕਿਉਂ ਨਹੀਂ ਹੈ?” ਬੇਬੇ ਝੂਠੀ ਹੋਈ ਕੀ ਬੋਲਦੀ।
ਹੁਣ ਇਹ ਸੱਠਾਂ-ਸੱਤਰਾਂ ਵਰ੍ਹਿਆਂ ਦੀ ਉਮਰ ਦੇ ਵਿਚਾਲੇ ਹੈ। ਪੜ੍ਹਿਆ ਬਹੁਤਾ ਨਹੀਂ। ਅੱਠਵੀਂ-ਦਸਵੀਂ ਪਿੱਛਿਓ ਕਰਕੇ ਆਇਆ, ਕੈਨੇਡੇ ਆ ਕੇ ਯੂ-ਮੀ ਕਰਦਾ ਦਲਾਲ ਬਣ ਗਿਆ। ਕੁਝ ਈਵਨਿੰਗ ਕਲਾਸਾਂ ਲਾ ਕੇ ਪੜ੍ਹ ਗਿਆ। ਰੀਅਲਸਟੇਟ, ਇੰਸ਼ੂਰੈਂਸ, ਇੰਮੀਗਰੇਸ਼ਨ, ਟਰੈਵਲ ਏਜੈਂਟ। ਘਰ ਵੇਚਣਾ ਹੈ ਤਾਂ ਇਸਨੂੰ ਚੇਤੇ ਕਰੋ। ਇੰਸ਼ੂਰੈਂਸ ਕਰਨੀ ਹੈ ਤਾਂ ਹਰ ਕੰਪਨੀ ਦੀ ਇਸ ਕੋਲ ਜਾਣਕਾਰੀ। ਟਰੈਵਲ ਕਰਨਾ ਹੈ, ਤਾਂ ਸੀਟ ਬੁੱਕ ਕਰਾਓ। ਪਿੱਛੇ ਕਿਸੇ ਦੀ ਜ਼ਮੀਨ, ਘਰ, ਬਿਜ਼ਨੈੱਸ ਕਿਸੇ ਹੋਰ ਦੇ ਨਾਂ ਕਰਾਉਣੀ ਹੈ, ਤਾਂ ਸਭ ਸਰਵਿਸ ਹਾਜ਼ਰ ਹੈ। ਦੋ ਚਾਰ ਬੰਦੇ ਹੱਥਾਂ ਵਿਚ ਰੱਖਦਾ ਹੈ ਜਿਹੜੇ ਇਸਦੀ ਹਾਮੀ ਭਰ ਸਕਦੇ ਹੋਣ।
ਗੱਲ ਕੀ, ਜੋ ਤੁਹਾਡੀ ਲੋੜ, ਉਸੇ ਦਾ ਇਹ ਕੰਮ ਪੂਰਾ ਕਰਦਾ ਹੈ। ਕਸਟਮ ਮੇਡ ਸਰਵਿਸ। ਸਿੱਧ-ਪੱਧਰੇ ਲੋਕਾਂ ਦੀ ਇਹ ਖੂਬ ਖੱਲ ਲਾਹੁੰਦਾ ਹੈ। ਹਰ ਕੰਮ ਵਿਚ ਇਸਨੂੰ ਮੁਹਾਰਤ, ਹਰ ਕੰਮ ਵਿਚ ਪੈਸਾ ਤੁਰਿਆ ਆਉਂਦਾ ਨਜ਼ਰ ਆਉਂਦਾ। ਇੰਮੀਗਰੇਸ਼ਨ ਦੇ ਕੇਸ ਲੈਕੇ ਲੋਕ ਤੁਰਦੇ ਹਨ ਤਾਂ ਇਹ ਹਜ਼ਾਰਾਂ ਕਮਾਉਂਦਾ। ਕਿਸੇ ਦਾ ਬੰਦਾ ਲੰਘਦਾ ਜਾਂ ਨਾ ਲੰਘਦਾ ਪਰ ਇਸਦੀ ਜੇਬ ਜ਼ਰੂਰ ਭਰ ਜਾਂਦੀ। “ਲਓ ਜੀ ਅਜ ਭਰ ਦਿੰਨੇ ਆਂ ਫਾਰਮ। ਮੇਰਾ ਕੇਸ ਰਿਜੈਕਟ ਹੋ ਕੇ ਦਿਖਾਲੇ। ਪੈਸੇ ਪਹਿਲਾਂ ਦਿਓ। ਚੈੱਕ ਫੜਾ ਜਾਓ। ਕੰਮ ਹੋਇਆ ਸਮਝੋ।” ਇਹ ਫੜ੍ਹਾਂ ਮਾਰਦਾ।
ਪੈਸਿਆਂ ਦਾ ਚੈੱਕ ਮਿਲ ਜਾਂਦਾ ਤਾਂ ਇਹ ਕਿਸੇ ਦੇ ਹੱਥ ਨਾ ਆਉਂਦਾ। ਲੋਕੀਂ ਫੋਨ ਕਰਦੇ। ਜਦੋਂ ਲੋਕਾਂ ਦੇ ਫੋਨ ਦਫ਼ਤਰ ਦੀ ਥਾਂ ਘਰ ਆਉਣ ਲਗਦੇ ਤਾਂ ਮੈਨੂੰ ਸਮਝ ਆਉਂਦੀ ਕਿ ਕਿਸੇ ਹੋਰ ਨਾਲ਼ ਠੱਗੀ ਹੋ ਗਈ ਐ। ਮੇਰੇ ਕਿਸੇ ਸਵਾਲ ਦਾ ਜਵਾਬ ਨਾ ਦਿੰਦਾ। … ਤੇ ਮੈਂ ਵੀ ਚੁੱਪੀ ਸਾਧ ਲਈ। ਕਹਿਣ ਲਈ ਹੁਣ ਬਚਿਆ ਹੀ ਕੀ ਸੀ? ਜਿਸਦੀ ਖਾਤਰ ਮੈਂ ਲੜਨਾ ਸੀ, ਜਦੋਂ ਉਹ ਹੀ ਨਹੀਂ ਰਿਹਾ?
ਸੋਚ ਬੇਬੇ ਵੱਲ ਫੇਰ ਮੁੜਦੀ ਹੈ। ਬੇਬੇ ਗੋਡਿਆਂ ਤੱਕ ਸੁਥਣ ਪਾਈ, ਲੀੜਾ ਸਿਰ ਦੇ ਪਿੱਛੇ ਨੂੰ ਸੁੱਟੀ, ਤੇੜ ਅੱਧ-ਪਚੱਧੀ ਕੁੜਤੀ ਪਾਈ, ਲੰਮੀ ਜਿਹੀ ਸੋਟੀ ਲੈ ਕੇ ਸਵੇਰੇ ਖੇਤਾਂ ਨੂੰ ਨਿੱਕਲ ਜਾਂਦੀ। ਕਰਦੀ ਵੀ ਕੀ? ਨਾ ਆਦਮੀ ਸਿਰ ਤੇ ਨਾ ਪੁੱਤ ਬਚਿਆ। ਪੁੱਤ ਪਾਕਿਸਤਾਨ ਬਣਨ ਸਮੇਂ ਤੁਰ ਗਿਆ ਦੋ ਉਂਗਲੀ ਫੜ ਕੇ ਤੁਰਨ ਜੋਗੇ ਬੱਚਿਆਂ ਨੂੰ ਛੱਡ ਕੇ। ਬੇਬੇ ’ਕੱਲੀ ਖੇਤਾਂ ਵਿਚ ਕੰਮ ਕਰਦੀ, ਮੱਝਾਂ ਚਾਰਦੀ ਤੇ ਪੋਤਿਆਂ ਨੂੰ ਪਾਲ਼ਦੀ। ਆਪਣੇ ਲੱਕ ਦੁਆਲੇ ਉਸਨੇ ਸਬਰ ਦੀ ਗੰਢ ਦਿੱਤੀ ਹੋਈ ਸੀ। ਉਸਦੇ ਹਠ ਨੂੰ ਦੇਖਕੇ ਆਦਮੀ ਵੀ ਹੈਰਾਨ ਹੁੰਦੇ ਸਨ। ਬੜੇ ਆਦਰ ਨਾਲ਼ ਉਸਨੂੰ ਬੁਲਾਉਂਦੇ। ਮੇਰਾ ਸਾਕ ਵੀ ਮੇਰੇ ਬਾਪ ਨੇ ਬੇਬੇ ਦੇ ਮੂੰਹ ਨੂੰ ਹੀ ਦਿੱਤਾ ਸੀ।
ਇੱਕ ਵਾਰੀ ਬੇਬੇ ਨੇ ਹਉਕਾ ਜਿਹਾ ਲੈਂਦਿਆਂ ਆਖਿਆ ਸੀ, “ਕੀ ਦੱਸਾਂ ਧੀਏ, ਭੁੱਖ ਢਿੱਡ ਦੀ ਨਹੀਂ ਹੁੰਦੀ, ਤੇ ਨਾ ਹੀ ਜਿਸਮ ਦੀ ਹੁੰਦੀ ਐ। ਭੁੱਖ ਤਾਂ ਰੂਹ ਦੀ ਸਭ ਤੋਂ ਮਾੜੀ ਐ। ਇਹ ਭੁੱਖ ਕਦੀ ਨਹੀਂ ਮਿਟਦੀ। ਮੈਂ ਬਥੇਰੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਮਾਂ-ਪੁੱਤਾਂ ਦੀ ਭੁੱਖ ਮਿਟ ਜਾਵੇ। ਪਰ ਨਹੀਂ, ਇਹ ਮੰਗਤੇ ਹੀ ਰਹੇ।” ਬੇਬੇ ਨਿੰਮੋਝੂਣੀ ਹੋਈ ਨੇ ਸ਼ਰਮ ਨਾਲ਼ ਸਿਰ ਗੋਡਿਆਂ ਵਿਚ ਦੇ ਲਿਆ ਸੀ।
ਮੇਰੀ ਸੱਸ ਤੇ ਦਦੇਸ ਦੋਨੋਂ ਹੀ ਵਿਧਵਾ ਸਨ। ਮੇਰੀ ਸੱਸ ਨੂੰ ਬੇਬੇ ਨੇ ਕਦੀ ਬੂਹਿਓਂ ਬਾਹਰ ਪੈਰ ਨਹੀਂ ਸੀ ਪਾਉਣ ਦਿੱਤਾ। ਆਪ ਖੇਤਾਂ ਵਿੱਚ ਮਿੱਟੀ ਨਾਲ਼ ਮਿੱਟੀ ਹੋ ਕੇ ਉਸਨੂੰ ਘਰ ਬੈਠੀ ਨੂੰ ਚੰਗਾ ਖਾਣ ਨੂੰ ਤੇ ਚੰਗਾ ਪਹਿਨਣ ਨੂੰ ਦਿੰਦੀ ਸੀ। ਪਰ ਮੇਰੀ ਸੱਸ ਦੀ ਨੀਅਤ ਮੇਰੇ ਖਸਮ ਵਰਗੀ ਹੀ ਸੀ। ਬੇਬੇ ਘਰੋਂ ਖੇਤਾਂ ਨੂੰ ਚਲੀ ਜਾਂਦੀ ਤਾਂ ਉਹ ਆਪਣੇ ਪੁੱਤਾਂ ਨੂੰ ਦਰ-ਦਰ ਮੰਗਣ ਭੇਜਦੀ ਰਹਿੰਦੀ। ਕਿਸੇ ਦਿਉਂ ਦਾਲ਼ ਤੇ ਕਿਸੇ ਦਿਉਂ ਲੱਸੀ ਲੈਣ। ਬੇਬੇ ਖਪਦੀ। ਪਰ ਮੇਰੀ ਸੱਸ ਦੀ ਇਹ ਆਦਤ ਨਾ ਹੀ ਗਈ। ਰੂਹ ਦੀ ਉਹ ਕੰਗਾਲ ਸੀ। ਤੇ ਇਹੋ ਆਦਤ ਉਸਦੇ ਪੁੱਤਾਂ ਨੂੰ ਪੈ ਗਈ ਸੀ।
ਜਦੋਂ ਦੋਨੋਂ ਪੋਤੇ ਜੁਆਨ ਹੋਏ ਤਾਂ ਬੇਬੇ ਸੋਚਦੀ ਸੀ ਕਿ ਉਸਨੂੰ ਕੋਈ ਸੁੱਖ ਦਾ ਸਾਹ ਆਊ। ਉਸਦੇ ਵਿਹੜੇ ਵਿਚ ਗੁਲਨਾਰ ਖਿੜਨਗੇ। ਪਰ ਕਿੱਥੇ, ਉਜਾੜਾਂ ਵਿਚ ਫੁੱਲ ਕਿਵੇਂ ਖਿੜਨ? ਬਰੇਤੇ ਵਿਚ ਪਿਆਸ ਕਿਵੇਂ ਬੁਝੇ? ਛੋਟਾ ਪੋਤਾ ‘ਦਾਲੀ’ ਪੁਲੀਸ ਵਿਚ ਭਰਤੀ ਹੋ ਗਿਆ। ਮੰਗਣ ਦੀ ਆਦਤ ਤਾਂ ਪਹਿਲਾਂ ਹੀ ਪਈ ਹੋਈ ਸੀ, ਤੇ ਹੁਣ ਪੁਲੀਸ ਵਿਚ ਤਾਂ ਮਾਇਆ ਆਪ ਚਲ ਕੇ ਪੈਰਾਂ ਨੂੰ ਚੁੰਮਦੀ ਸੀ। ਇਸ ਮਾਇਆ ਨਾਲ਼ ਉਸਦੇ ਪੈਰਾਂ ਦਾ ਤਾਲ ਛਣਨ-ਛਣਨ ਕਰਦਾ। ਧੁਰ ਅੰਦਰ ਇਕ ਰਾਗਣੀ ਛਿੜ ਪੈਂਦੀ। ਮਾਇਆ ਆਉਂਦੀ ਗਈ ਤੇ ਉਹ ਨਸ਼ੇ ਵਿਚ ਗਲਤਾਨ ਹੁੰਦਾ ਗਿਆ। ਨਸ਼ੇ ਨੇ ਉਸਨੂੰ ਐਨਾ ਮਖ਼ਮੂਰ ਕੀਤਾ ਕਿ ਉਹ ਹਰ ਇਕ ਦੇ ਦਰਾਂ ਅੰਦਰ ਜਦੋਂ ਵੜਦਾ ਤਾਂ ਉਨ੍ਹਾਂ ਦੀ ਇੱਜ਼ਤ-ਆਬਰੂ ਪੈਰਾਂ ਹੇਠ ਮਧੋਲ ਆਉਂਦਾ। ਔਖੇ ਹੋਏ ਪਏ ਲੋਕਾਂ ’ਚੋਂ ਕਿਸੇ ਨੇ ਤਾਂ ਉਸਦਾ ਸਿਰ ਕੁਚਲਨਾ ਹੀ ਸੀ। ਤੇ ਅਗਲਿਆਂ ਇਕ ਦਿਨ ਗਾਟਾ ਵੱਢ ਕੇ ਧੜ ਨਾਲ਼ੋਂ ਅਲੱਗ ਕਰ ਦਿੱਤਾ।
ਉਸ ਦਿਨ ਬੇਬੇ ਨੂੰਹ ਦੇ ਸਿਰ ਵਿਚ ਦੁਹੱਥੜ ਮਾਰਦੀ ਹੋਈ ਗਸ਼ ਖਾ ਕੇ ਥਾਂ ਹੀ ਡਿੱਗ ਪਈ। ਮੁੜ ਕੇ ਬੇਬੇ ਉੱਠੀ ਹੀ ਨਾ। ਬਥੇਰੀ ਦੇਖ-ਭਾਲ ਕੀਤੀ। ਪਰ ਉਹ ਜਿਵੇਂ ਜੀਣ ਦੀ ਜੰਗ ਹਾਰ ਚੁੱਕੀ ਸੀ। ਕੋਈ ਚਾਹਤ ਹੀ ਨਹੀਂ ਸੀ ਰਹੀ ਸਾਹ ਲੈਣ ਲਈ। ਮੈਂ ਉਨ੍ਹਾਂ ਦਿਨਾਂ ਵਿੱਚ ਨਵੀਂ-ਸਮੀ ਵਿਆਹੀ ਆਈ ਸਾਂ। ਤੇ ਹੁਣ ਮੇਰੀ ਸੱਸ ਦਾ ਚਧਰੰਮਾ ਚਲਦਾ। ਮੇਰੀ ਕੀ ਮਜ਼ਾਲ ਸੀ ਕੁਝ ਆਖ ਸਕਾਂ।
ਕਦੀ-ਕਦਾਈਂ ਆਂਢ-ਗੁਆਂਢ ਵੀ ਟੋਟਕਾ ਛੱਡ ਦਿੰਦਾ, “ਬੇਬੇ ਜਾਣਦੀ ਸੀ ਏਸ ਤੀਂਵੀ ਦੀਆਂ ਆਦਤਾਂ। ਏਸੇ ਲਈ ਨੂੰਹ ਨੂੰ ਬਾਹਰ ਨ੍ਹੀ ਸੀ ਕੱਢਦੀ। ਭੁੱਖੇ ਘਰ ਦੀ, ਕਿਸੇ ਥਾਂ ਦੀ ਨਾ ਹੋਵੇ। ਘਰ ਸਭ ਕੁਝ ਹੈ, ਪਰ ਏਸ ਦੀ ਨੀਤ ਨ੍ਹੀ ਭਰਦੀ।” ਆਂਢ-ਗੁਆਂਢ ਵੀ ਸਾਥੋਂ ਮੂੰਹ ਫੇਰਨ ਲਗ ਪਿਆ।
ਮੈਨੂੰ ਦੁੱਖ ਲਗਦਾ। ਮੈਂ ਗਰੀਬ ਘਰੋਂ ਜ਼ਰੂਰ ਆਈ ਸਾਂ ਪਰ ਰੂਹ ਰੱਜੀ ਹੋਈ ਸੀ। ਕੱਲੀ ਧੀ ਸਾਂ। ਅਨਪੜ੍ਹ। ਸੰਗਾਊ। ਸਿੱਧੀ। ਤੇ ਬੇਬੇ ਨਾਲ਼ ਮੇਰੀ ਰਾਸ ਚੰਗੀ ਮਿਲ ਗਈ ਸੀ। ਬੇਬੇ ਮੈਨੂੰ ਬਹੁਤ ਪਿਆਰ ਕਰਦੀ ਸੀ। ਸਭ ਕੁਝ ਸਮਝਾਉਂਦੀ ਸੀ। ਬੇਬੇ ਤੋਂ ਬਾਅਦ, ਮੈਂ ਰਹਿ ਗਈ ਸਾਂ ਹੁਣ ਅਗਲਾ ਘਰ-ਬਾਰ ਸਾਂਭਣ ਵਾਲੀ।
ਇਹ ਸੋਚਦਿਆਂ ਪਤਾ ਨ੍ਹੀ ਕਦੋਂ ਮੇਰੇ ਹੱਥੋਂ ‘ਟਰੇਅ’ ਛਣਨ ਕਰਕੇ ਕਿਚਨ ਦੇ ਫਰਸ਼ ਤੇ ਡਿੱਗ ਪਈ। ਮੈਨੂੰ ਉਦੋਂ ਪਤਾ ਲੱਗਾ ਜਦੋਂ ਲਫ਼ਜਾਂ ਦਾ ਭੁਚਾਲ ਮੇਰੇ ਤੇ ਵਰਨ ਲੱਗਾ। “ਏਸ ਤੀਂਵੀ ਦਾ ਧਿਆਨ ਪਤਾ ਨ੍ਹੀ ਯਾਰ ਕਿੱਥੇ ਰਹਿੰਦੈ? ਦੇਖੀਂ ਫਲੋਰ ਤੇ ਕੋਈ ਟੱਕ ਤਾਂ ਨ੍ਹੀ ਪੈ ਗਿਐ? ਕੋਈ ਟਾਇਲ ਤਾਂ ਨ੍ਹੀ ਟੁੱਟ ਗਈ? ਸਾਲ਼ਾ ਖਰਚਾ ਹੋਰ ਪੁਆਊ।”
ਮੇਰੇ ਆਦਮੀ ਨੂੰ ਮੇਰੇ ਹੱਥ-ਪੈਰ ਤੇ ਸੱਟ ਲੱਗਣ ਨਾਲੋਂ ਫਲੋਰ ਦੇ ਟੱਕ ਦੀ ਚਿੰਤਾ ਵੱਧ ਸੀ। ਟੱਕ ਪੈ ਗਿਆ ਤਾਂ ਠੀਕ ਕਰਾਉਣ ਲਈ ਪੈਸੇ ਲੱਗਣਗੇ। ਆਖਰ ਇਸਨੇ ਹਰਾਮ ਦੀ ਕਮਾਈ ਨਾਲ਼ ਤਿੰਨ-ਚਾਰ ਹਜ਼ਾਰ ਸੁਕੇਰ ਫੁੱਟ ਦਾ ਘਰ ਜੁ ਬਣਾਇਆ ਹੋਇਐ। ਉਸ ਘਰ ਵਿਚ ਵਸਣ ਵਾਲੇ ਭਾਵੇਂ ਜਿਉਂਦੀਆਂ ਲਾਸ਼ਾਂ ਕਿਉਂ ਨਾ ਹੋਣ। ਮੈਂ ਅੰਦਰੋਂ ਖਿੱਜ਼ੀ-ਖਪੀ ਸੋਚ ਰਹੀ ਸਾਂ।
“ਕੁਛ ਨ੍ਹੀ ਹੋਇਆ।” ਮੈਂ ਵੀ ਕੁਰਖ਼ਤ ਆਵਾਜ਼ ਵਿਚ ਟੀਰਾ ਜਿਹਾ ਝਾਕਦਿਆਂ ਉੱਤਰ ਦਿੱਤਾ। ਜੀਅ ਤਾਂ ਕੀਤਾ ਉਹੋ ਟਰੇਅ ਚੁੱਕ ਕੇ ਉਸਦੇ ਸਿਰ ਵਿਚ ਮਾਰਾਂ। ਮੈਂ ਟਰੇਅ ਚੁੱਕ ਕੇ ਕਾਉਂਟਰ ਤੇ ਰੱਖ ਦਿੱਤੀ ਅਤੇ ਆਪ ਫੇਰ ਸੋਚੀਂ ਪੈ ਗਈ। ਅੱਜ ਸੋਚ ਬੇਬੇ ਦੇ ਦੁਆਲੇ ਹੀ ਘੁੰਮ ਰਹੀ ਸੀ। ਪਤਾ ਨਹੀਂ ਕਿਉਂ ਉਹ ਚੇਤੇ ਆ ਰਹੀ ਸੀ।
ਬੇਬੇ ਜਿਉਂਦੀ ਤੋਂ ਮੈਂ ਹਰ ਗੱਲ ਪੁੱਛਦੀ-ਦੱਸਦੀ ਰਹਿੰਦੀ ਸਾਂ। ਆਪਣੇ ਖਸਮ ਬਾਰੇ ਵੀ ਜਾਨਣਾ ਚਾਹੁੰਦੀ ਸਾਂ। ਇਕ ਦਿਨ ਮੈਂ ਪੁੱਛਿਆ ਸੀ, “ਬੇਬੇ ਏਸ ਦੇ ਅੰਦਰ ਐਨੀ ਤਲਬ ਕਿਉਂ ਐ?”
ਬੇਬੇ ਦੱਸਦੀ ਹੁੰਦੀ ਸੀ, “ਧੀਏ! ਨਾ ਤੇਰਾ ਦਾਦਾ ਏਦਾਂ ਦਾ ਸੀ ਤੇ ਨਾ ਹੀ ਇਸਦਾ ਬਾਪ। ਮੇਰੀ ਜਿੰਦੜੀ ਤਾਂ ਇਨ੍ਹਾਂ ਮਾਂ-ਪੁੱਤਾਂ ਨੂੰ ਸਮਝਾਉਣ ਤੇ ਹੀ ਲੱਗੀ ਐ ਕਿ ਕੋਈ ਬੰਦਾ ਕੰਗਾਲ ਨਹੀਂ ਹੁੰਦਾ। ਜੇ ਕਰ ਕੰਗਾਲੀ ਰੂਹ ਦੀ ਨਾ ਹੋਵੇ। ਪਰ ਇਨ੍ਹਾਂ ਦੇ ਪਿੜ-ਪੱਲੇ ਕੁਝ ਪਵੇ ਤਾਂ ਹੈ ਨਾ?” ਉਹ ਹੱਥਾਂ ਵਿਚ ਫੜੇ ਅਟੇਰਨ ਨੂੰ ਘੁੰਮਾਉਂਦੀ ਹੋਈ ਬੋਲੀ ਸੀ। ਉਹ ਅਟੇਰਨ ਨੂੰ ਏਸ ਤਰ੍ਹਾਂ ਘੁੰਮਾ ਰਹੀ ਸੀ ਜਿਵੇਂ ਦੁਨੀਆਂ ਦਾ ਕੋਈ ਧੁਰਾ ਉਸੇ ਦੇ ਹੱਥ ਵਿੱਚ ਹੋਵੇ। ਅਤੇ ਉਸਨੇ ਇਨ੍ਹਾਂ ਮਾਂ-ਪੁੱਤਾਂ ਦੇ ਕਰਮਾਂ ਨੂੰ ਵੀ ਘੁੰਮਾ ਕੇ ਬਦਲ ਦੇਣਾ ਹੋਵੇ।
ਇਕ ਠਹਾਕਾ ਵੱਜਿਆ। ਸੋਚ ਮੇਰੇ ਲਿਵਿੰਗ ਰੂਮ ਵਿਚ ਪਰਤ ਆਈ। ਇਸਦਾ ਹਿਣ-ਹਿਣ ਕਰਕੇ ਹੱਸਣਾ, ਬੋਲਦਿਆਂ ਮੂੰਹ ਵਿੱਚੋਂ ਥੁੱਕ ਦਾ ਡਿੱਗਣਾ, ਮੈਨੂੰ ਕੋਫ਼ਤ ਜਿਹੀ ਆਉਂਦੀ ਹੈ। ਚਾਹ ਦੇ ਮੱਘ ਮੈਂ ਦੋਹਾਂ ਮੂਹਰੇ ਰੱਖ ਕੇ, ਆਪਣੇ ਮੂੰਹ ਮੋਹਰੇ ਚੁੰਨੀ ਦਾ ਲੜ ਦੇ ਕੇ ਪਿੱਛੇ ਨੂੰ ਪਰਤਦੀ ਹਾਂ। ਸੀਤਲ ਚਮਕਦੀਆਂ ਅੱਖਾਂ ਨਾਲ਼ ਮੇਰੇ ਵੱਲ ਦੇਖ ਕੇ ਆਖਦਾ ਹੈ, “ਭਰਜਾਈ, ਤੈਨੂੰ ਕਿਸੇ ਗੱਲ ਲਈ ਵੀਰਾ ਔਖੀ ਨ੍ਹੀ ਰਹਿਣ ਦਿੰਦਾ। ਦੇਖ ਤੇਰੇ ਕਦਮਾਂ ’ਚ ਦੌਲਤ ਰੁਲਦੀ-ਫਿਰਦੀ ਐ। ਬਸ ਖੁਸ਼ ਰਿਹਾ ਕਰ। ਉਹ ਘਾਟਾ …” ਤੇ ਉਹ ਗੱਲ ਅਧੂਰੀ ਛੱਡ ਦਿੰਦਾ ਹੈ।
ਉਸਦੇ ਸ਼ਬਦ “ਉਹ ਘਾਟਾ …” ਨਾਲ਼ ਮੇਰੀ ਸੋਚ ਮੇਰੇ ਕੁੱਖ਼ ਦੇ ਹੀਰੇ ਵੱਲ ਪਰਤਦੀ ਹੈ। ਮੇਰੀਆਂ ਆਂਦਰਾਂ ਮੇਰੀ ਧੀ ਨਾਲ਼ ਲਪੇਟੀਆਂ ਜਾਂਦੀਆਂ ਹਨ। ਮੇਰੀ ਕੁੱਖ਼ ਵਿਚ ਟੀਸ ਮੇਰੇ ਗਲ ਤਕ ਆ ਕੇ ਮੇਰਾ ਗਲ ਬੰਦ ਕਰ ਦਿੰਦੀ ਹੈ। ਜੀ ਕੀਤਾ ਆਖ ਦਿਆਂ, “ਉਹ ਘਾਟਾ? ਕੀ ਜਾਣੋ ਤੁਸੀਂ? ਕੀ ਸਾਰ ਹੈ ਏਸ ਮਨੁੱਖ ਨੂੰ? ਇਹ ਤਾਂ ਉਸਦੀਆਂ ਹੱਡੀਆਂ ਦਾ ਮੁੱਲ ਵੀ ਵਾਰ-ਵਾਰ ਪੁਆ ਰਿਹੈ।” ਪਰ ਮੈਂ ਕੁਝ ਨਹੀਂ ਬੋਲਦੀ। ਮੈਨੂੰ ਮੇਰਾ ਪੁੱਤ ਚੇਤੇ ਦੀ ਸਲੇਟ ’ਤੇ ਉੱਕਰ ਆਉਂਦੈ। ਤੋਤਲੀ ਜ਼ਬਾਨ ਵਿਚ ਗੱਲਾਂ ਕਰਦਾ। ਨਿੱਕੀਆਂ-ਨਿੱਕੀਆਂ ਬੁਰਕੀਆਂ ਮੇਰੇ ਮੂੰਹ ਵਿੱਚ ਪਾਉਂਦਾ। ਉਸਨੂੰ ਚੇਤੇ ਕਰਦਿਆਂ ਮੇਰਾ ਮੂੰਹ ਆਪ ਮੁਹਾਰੇ ਖੁਲ੍ਹ ਜਾਂਦਾ ਹੈ। ਜਿਵੇਂ ਹੁਣੇ ਹੀ ਉਹ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ਼ ਨਿੱਕੀ ਜਿਹੀ ਬੁਰਕੀ ਮੇਰੇ ਮੂੰਹ ਵਿਚ ਪਾਉਣ ਲਈ ਹੱਥ ਵਧਾਏਗਾ। ਪਰ ਕਿੱਧਰੇ ਨਹੀਂ ਹੈ ਉਹ। ਕੁਝ ਦਿਖਾਈ ਨਹੀਂ ਦੇ ਰਿਹਾ। ਹੱਥ ਪੈਰ ਆਲੇ-ਦੁਆਲੇ ਮਾਰਦੀ ਹਾਂ। ਮੇਰਾ ਜੀਣ ਜੋਗਾ… । ਪਰ ਨਹੀਂ …ਗੁਆਚ ਗਿਆ ਉਹ ਮੇਰੀਆਂ ਸੋਚਾਂ ਦੇ ਸਮੁੰਦਰ ਵਿਚ। ਏਸ ਮਨੁੱਖ ਦੇ ਕਾਗਜ਼ਾਂ ਵਿਚ। ਫਾਈਲਾਂ ਦੇ ਥੱਬਿਆਂ ਵਿਚ। ਘਰ ਦੀ ਹਵਾ ਵਿਚ। ਬੈਂਕ ਦੇ ਖਾਤਿਆਂ ਵਿਚ। ਚੈਰਿਟੀ ਫੰਡਾਂ ਵਿਚ।
ਮੇਰੇ ਆਦਮੀ ਨੂੰ ਲੋਕ ਦੇਬੀ ਆਖ ਕੇ ਬੁਲਾਂਦੇ ਸਨ। ਹੁਣ ਤਾਂ ਇਹ ਆਪਣੀ ਕਮਿਊਨਿਟੀ ਵਾਸਤੇ ਸ੍ਰ: ਗੁਰਦੇਵ ਸਿੰਘ ਅਤੇ ਕਨੇਡੀਅਨਾਂ ਲਈ ਡੇਵ ਬਣ ਗਿਆ ਹੈ। ਹਰ ਕੰਮ ਵਿਚ ਮਾਹਰ ਹੈ। ਜਿੱਥੋਂ ਵੀ ਪੈਸਾ ਬਣਨਾ ਹੋਵੇ ਇਸਨੂੰ ਵਿਉਂਤ ਆ ਹੀ ਜਾਂਦੀ ਹੈ। ਪਿੰਡ ਵਾਲਿਆਂ ਨੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਇਹ ਪੈਸੇ ਕੱਠੇ ਕਰਨ ਪਹਿਲਾਂ ਦਰ-ਦਰ ਜਾ ਖੜੇਗਾ। ਦੁਨੀਆਂ ਵਿਚ ਭੁਚਾਲ ਆ ਜਾਵੇ, ਹਰ ਰੇਡੀਓ ਸਟੇਸ਼ਨ ਤੋਂ ਇਸਦੀ ਆਵਾਜ ਸੁਣਾਈ ਦੇਵੇਗੀ। ਗੁਰਦੁਆਰੇ ਚਲੇ ਜਾਓ, ਸਟੇਜ ਤੇ ਪਹਿਲਾਂ ਜਾ ਚੜੂ। ‘ਕਮੀਣਾ’, ਰੋਹ ਮੇਰੇ ਅੰਦਰ ਨੂੰ ਖਾ ਰਿਹਾ ਹੈ। ਮੰਗਣ ਤੋਂ ਬਿਨਾਂ ਏਸ ਨੂੰ ਆਉਂਦਾ ਹੀ ਕੁਝ ਨਹੀਂ।
ਮੈਂ ਫੇਰ ਸੋਚਦੀ ਹਾਂ ਕਿ ਮੈਂ ਤਾਂ ਬੇਬੇ ਦੀ ਨਸੀਅਤ ਕਾਰਨ ਹੀ ਜ਼ਿੰਦਗੀ ਦੀਆਂ ਪੂਣੀਆਂ ਨੂੰ ਕੱਤਦੀ ਰਹੀ। ਅੰਦਰਲੇ ਗਲੋਟਿਆਂ ਨੂੰ ਕੱਸ ਕੇ ਬੰਨਦੀ ਰਹੀ। ਬੇਬੇ ਕਹਿੰਦੀ, “ਧੀਏ ਪਿੱਛਾ ਟੁੱਟੀ ਤੀਂਵੀ ਦੀ ਕੋਈ ਜੂਨ ਨ੍ਹੀ ਹੁੰਦੀ। ਤੀਂਵੀਂ ਨੂੰ ਛੱਤ ਚਾਹੀਦੀ ਐ। ਮਜ਼ਬੂਤ। ਵਰਨਾ ਤੀਂਵੀਂ ਖੁਰ ਜਾਂਦੀ ਐ ਮਿੱਟੀ ਦੀ ਡਲੀ ਆਂਗ ਤੇ ਰੁੜ੍ਹ ਜਾਂਦੀ ਐ ਨਾਲ਼ੀਆਂ-ਬਹੀਣਾਂ ਰਾਹੀਂ। ਬਾਹਰ ਨਿੱਕਲੇ ਤਾਂ ਕਾਂ ਖਾਂਦੇ ਨੇ ਤੇ ਅੰਦਰ ਵੜੇ ਤਾਂ ਚੂਹੇ।”
… ਤੇ ਮੈਂ ਇਸ ਛੱਤ ਨੂੰ ਸਿਰ ਉੱਤੇ ਸਾਂਭਦੀ ਹੋਈ ਆਪ ਟੁੱਟ ਗਈ। ਦੱਬ ਹੋ ਗਈ, ਏਸ ਘਰ ਦੀਆਂ ਨੀਂਹਾਂ ਅੰਦਰ। ਰ੍ਹੂਹ ਦੇ ਗਲੋਟੇ ਜਦੋਂ ਉਧੜਨ ਲਗਦੇ ਤਾਂ ਮੇਰੀ ਆਤਮਾ ਹੀ ਉੱਚੜਦੀ। ਪਰ ਏਸ ਬੰਦੇ ਨੂੰ ਭੋਰਾ ਫਰਕ ਨਾ ਪੈਂਦਾ।
… ਤੇ ਹੁਣ ਇਹ ਮੰਗਣ ਦੀ ਆਦਤ ਇਸ ਦੇ ਅੰਦਰ ਏਸ ਕਦਰ ਘਰ ਕਰ ਗਈ, ਕਿ ਇਸਦੀ ਰੂਹ ਕਦੀ ਭਰਦੀ ਹੀ ਨਹੀਂ। ਘਰ ਭਾਵੇਂ ਸਭ ਕੁੱਝ ਹੈ, ਫੇਰ ਵੀ ਮੰਗਣ ਤੁਰ ਪੈਂਦਾ ਹੈ। ਮੇਰੇ ਵਿਆਹ ਵੇਲੇ ਵੀ ਇਸਨੇ ਮੂੰਹ ਅੱਡ ਕੇ ਮੰਗਿਆ ਸੀ। ਏਸ ਨੂੰ ਪਤਾ ਸੀ ਕਿ ਮੈਂ ਮਾਂ-ਪਿਓ ਦੀ ਕੱਲੀ ਧੀ ਹਾਂ, ਸਭ ਕੁੱਝ ਮੇਰਾ ਹੀ ਤਾਂ ਹੈ। ਪਰ ਨਹੀਂ, ਮੰਗਣ ਬਿਨਾਂ ਭਲਾ ਇਹਦੀ ਰੂਹ ਕਿਵੇਂ ਭਰਦੀ। ਮਾਂ-ਪੁੱਤ ਦੋਨੋਂ ਲਿਸਟ ਬਣਾ ਕੇ ਬੈਠ ਗਏ ਸਨ। ਬੇਬੇ ਨੂੰ ਵੀ ਪਤਾ ਨਹੀਂ ਸੀ। ਕੈਨੇਡਾ ਆਉਣ ਵੇਲੇ ਵੀ ਮੇਰੇ ਬਾਪ ਦੀ ਜ਼ਮੀਨ ਗਹਿਣੇ ਧਰਾ ਦਿੱਤੀ। ਕਹਿਣ ਲੱਗਾ, “ਬਾਪੂ ਜੀ!ਫੇਰ ਵੀ ਤਾਂ ਜ਼ਮੀਨ ਸਾਡੀ ਹੀ ਐ। ਹੁਣ ਵਰਤ ਲਈਏ ਜਾਂ ਫੇਰ।”
ਮੇਰਾ ਬਾਪ ਕੀ ਜਵਾਬ ਦਿੰਦਾ। ਕਿਹੜੇ ਪੁੱਤ ਦੇ ਜ਼ੋਰ ਤੇ ਜਵਾਬ ਦਿੰਦਾ। ਧੀ ਵਸਾਉਣੀ ਸੀ ਉਸਨੇ, ਜ਼ਮੀਨ ਦਾ ਅੰਗੂਠਾ ਲਾ ਦਿੱਤਾ। ਮੈਂ ਆਪਣੇ ਬਾਪ ਦੀ ਮਜ਼ਬੂਰੀ ਕਾਰਨ ਚਿਹਰੇ ਤੇ ਧੱਸਦੀਆਂ ਜਾਂਦੀਆਂ ਤ੍ਰੇੜਾਂ ਨੂੰ ਦੇਖਦੀ ਰਹੀ। ਉਸ ਦਿਨ ਪਹਿਲੀ ਵਾਰੀ ਮੇਰੇ ਅੰਦਰ ਏਸ ਲਈ ਨਫ਼ਰਤ ਦਾ ਬੀਜ ਪੁੰਗਰਿਆ ਸੀ।
ਕੈਨੇਡਾ ਆ ਕੇ ਛੋਟੇ-ਮੋਟੇ ਕੰਮ ਕਰਦਾ ਹੋਇਆ, ਦਲਾਲ ਬਣ ਗਿਆ। ਆਪਣਾ ਘਰ-ਬਾਰ ਤਾਂ ਜਿਵੇਂ ਭੁੱਲ ਹੀ ਗਿਆ। ਨਾ ਧੀ ਦਾ ਚੇਤਾ ਰਿਹਾ, ਨਾ ਪੁੱਤ ਦੇ ਗ਼ਮ ਦੀ ਸਾਰ।
ਭਾਂਡੇ ਧੋਂਦਿਆਂ, ਮੇਰੀ ਸੋਚ ਆਪਣੀ ਧੀ ਤੇ ਪੁੱਤ ਵਲ ਪਰਤਦੀ ਹੈ। ਰੁਲ-ਖੁਲ ਕੇ ਪਲ਼ਦੇ ਮੇਰੇ ਨਿਆਣੇ, ਉਨ੍ਹਾਂ ਰਾਹਾਂ ’ਤੇ ਤੁਰ ਪਏ ਸਨ ਜਿੱਥੇ ਕੰਡਿਆਂ ਦੇ ਵਿਛੌਣੇ ਉਡੀਕਦੇ ਹਨ। ਟੀਨੇਜ ਕੁੜੀ ਘਰੋਂ ਭੱਜ ਗਈ। ਮੁੰਡਾ ਡਰੱਗ ਖਾਣ ਲੱਗ ਪਿਆ ਸੀ। ਤੇ ਫੇਰ ਸਤਾਰਾਂ ਵਰ੍ਹਿਆਂ ਦਾ ਮੁੰਡਾ ਇਕ ਦਿਨ ਡਰੱਗ ਦੇ ਓਵਰਡੋਜ਼ ਨਾਲ਼ ਦਮ ਤੋੜ ਗਿਆ ਸੀ। ਪਰ ਇਸਦੀ ਆਂਦਰ ਫੇਰ ਨਾ ਤੜਫ਼ੀ। ਪੁੱਤ ਦੀ ਮੌਤ ਨੂੰ ਵੀ ਇਸਨੇ ਇਕ ਵਸੀਲਾ ਬਣਾ ਲਿਆ। ਲੋਕੀਂ ਅਫ਼ਸੋਸ ਕਰਨ ਆਉਂਦੇ ਤਾਂ ਆਖਦਾ, “ਪੁੱਤ ਚਲੇ ਗਿਆ ਦੁੱਖ ਤਾਂ ਮੈਨੂੰ ਵੀ ਐ, ਪਰ ਸਾਲ਼ਾ ਡਰੱਗੀ ਹੋਣ ਨਾਲ਼ੋਂ ਤਾਂ ਚੰਗਾ ਹੈ ਮਰ ਗਿਆ। ਪਰ ਮੈਂ ਉਸਦਾ ਚੇਤਾ ਨ੍ਹੀ ਭੁਲਦਾ। ਨਾਂ ਉਸਦਾ ਮੈਂ ਉੱਚਾ ਕਰੂੰ। ਲੋਕੀ ਕਹਿੰਦੈ ਐ ਕਿ ਪੁੱਤ ਏਸ ਕੰਮ ਲਈ ਹੀ ਹੁੰਦੇ ਐ ਕਿ ਤੁਹਾਡਾ ਨਾਂ ਚਲਦਾ ਰਹੇ। ਮੈਂ ਆਪ ਐਸਾ ਨਾਂ ਆਪਣਾ ਦੋਹਾਂ ਦਾ ਚਲਾਊਂ ਕਿਸੇ ਨੂੰ ਭੁੱਲਣ ਨ੍ਹੀ ਦਿੰਦਾ। ਦੇਖਿਓ ਤੁਸੀਂ।”
‘ਕਮੀਣਾ ਕਿਸੇ ਥਾਂ ਦਾ।’ ਮੇਰੇ ਅੰਦਰ ਦੀ ਟੀਸ ਮੇਰੇ ਸਿਰ ਦੀਆਂ ਨਾੜਾਂ ਨੂੰ ਲਪੇਟੀ ਜਾ ਰਹੀ ਐ। ਕਿਚਨ ਦਾ ਕੰਮ ਛੱਡ ਕੇ, ਮੈਂ ਸਿਰ ਫੜ ਕੇ ਡਾਇਨਿੰਗ ਰੂਮ ਦੀ ਕੁਰਸੀ ਵਿਚ ਬੈਠ ਜਾਂਦੀ ਹਾਂ। ਇਸਦੇ ਬੋਲ ਮੇਰੀ ਸੋਚ ਨੂੰ ਫੇਰ ਹੁੱਝਾਂ ਮਾਰ ਰਹੇ ਹਨ, ਤੇ ਇਹ ਸੀਤਲ ਨਾਲ਼ ਅਗਲੀਆਂ ਵਿਉਂਤਾਂ ਬਣਾ ਰਿਹੈ। ਦੱਸ ਰਿਹਾ ਹੈ ਕਿ ਪਿੰਡ ਵਿੱਚ ਹਸਪਤਾਲ ਬਣਾ ਰਿਹੈ। ਉਸ ਉੱਤੇ ਮੇਰੇ ਪੁੱਤ ਦਾ ਨਾ ਲਿਖੇਗਾ ਜੋ ਆਉਣ ਵਾਲੀਆਂ ਸਦੀਆਂ ਤਕ ਲੋਕਾਂ ਦੇ ਮਨਾਂ ਵਿਚ ਘਰ ਕਰੀ ਰੱਖੇਗਾ। ਆਖ ਰਿਹੈ, “ਕਿਮੇਂ ਸਾਲ਼ੇ ਲੋਕ ਭੁੱਲ ਜਾਣਗੇ ਮੇਰਾ ਅਤੇ ਮੇਰੇ ਪੁੱਤ ਦਾ ਨਾਂ?” ਜਿਮੇਂ ਪੁੱਤ ਕੋਈ ਅਲੋਕਾਰ ਕਰਮ ਕਰਦਾ ਮਰਿਆ ਹੋਵੇ। ਸ਼ਰਮ ਨ੍ਹੀ ਆਉਂਦੀ ਏਸ ਨੂੰ।
ਮੈਂ ਗੁੱਸਾ ਨਿਗਲਦੀ ਹਾਂ। ਸੋਚਦੀ ਹਾਂ, ਹੁਣ ਲੋਕਾਂ ਦਾ ਪੈਸਾ ਲੈ ਕੇ ਅਕਾਉਂਟ ਹੋਰ ਭਰੇਗਾ। ਜਿਸ ਪੁੱਤ ਨੇ ਇਸ ਨਾਲ਼ ਘੜੀ ਬਿਤਾਉਣ ਲਈ ਪਲ-ਪਲ ਤੜਫ਼ਦੇ ਨੇ ਗੁਜ਼ਾਰਿਆ, ਉਸਦਾ ਹੁਣ ਚੇਤਾ ਆਇਆ ਹੈ ਇਸਨੂੰ। ਧੀ ਨੂੰ ਟੋਲਣ ਦੀ ਏਸ ਕੋਲ ਫੁਰਸਤ ਨਹੀਂ ਹੈ। ਉਹ ਮਰ-ਮੁੱਕ ਗਈ ਹੈ ਜਾਂ ਕਿਸੇ ਕੋਠੇ ’ਤੇ ਜਾ ਬੈਠੀ ਹੈ, ਇਸਨੂੰ ਕੋਈ ਚਿੰਤਾ ਨਹੀਂ। ਕਹਿੰਦੈ, “ਕੀ ਲੈਣਾ ਉਸ ਬਾਰੇ ਸੋਚ ਕੇ ਜੋ ਕਿਸੇ ਕਾਲ਼ੇ-ਗੋਰੇ ਨਾਲ਼ ਖੇਹ ਖਾਂਦੀ ਫਿਰਦੀ ਹੋਊ। ਏਸ ਨਾਲ਼ੋਂ ਤਾਂ ਚੰਗਾ ਉਸਨੂੰ ਆਪਣੀ ਜ਼ਿੰਦਗੀ ’ਚੋਂ ਮਨਫ਼ੀ ਕਰ ਦੇਈਏ।”
ਚੰਦਰੇ ਨੇ ਉਹ ਵੀ ਮਾਰ ਦਿੱਤੀ ਜਿਉਂਦੀ ਹੀ, ਤੇ ਮਰੇ ਹੋਏ ਦੀ ਅਰਥੀ ਨੂੰ ਸਜਾ-ਸਜਾ ਕੇ ਲੋਕਾਂ ਕੋਲ ਪਰੋਸ ਰਿਹੈ। ਸ਼ਰਮੋ-ਕੁਸ਼ਰਮੀਂ ਲੋਕ ਚੈੱਕ ਲਿਖ ਕੇ ਹੱਥ ਫੜਾ ਦਿੰਦੇ ਹਨ। ਫੇਰ ਪਿੱਠ ਪਿੱਛੇ ਗੱਲਾਂ ਕਰਦੇ ਹਨ। ਲੋਕਾਂ ਦੀਆਂ ਨਜ਼ਰਾਂ ਮੇਰੇ ਜ਼ਿਹਨ ਅੰਦਰ ਤੀਰਾਂ ਵਾਂਗ ਚੁੱਭਦੀਆਂ ਹਨ। … ਤੇ ਮੈਂ ਸ਼ਰਮ ਦੀ ਮਾਰੀ ਗੁਰਦੁਆਰੇ ਵੀ ਨਹੀਂ ਜਾਂਦੀ। ਕਿਸੇ ਨੂੰ ਮੂੰਹ ਨਹੀਂ ਦਿਖਾਲਦੀ। ਜੇ ਕਰ ਕੋਈ ਮਿਲ ਵੀ ਪਵੇ ਤਾਂ ਮੈਂ ਅੱਖਾਂ ਨ੍ਹੀ ਮਿਲਾ ਸਕਦੀ। ਜ਼ਮੀਨ ਵਿਚ ਗੱਡੀ ਜਾਂਦੀ ਹਾਂ। ਪਰ ਇਹ ਪਤਾ ਨ੍ਹੀ ਕਿਵੇਂ ਬਾਹਰ ਨਿੱਕਲਦਾ ਹੈ? ਕਿਵੇਂ ਕਿਸੇ ਦੇ ਦਰ ਤੇ ਜਾ ਖਲੋਂਦਾ ਹੈ? ਹੋ ਸਕਦੈ ਇਸਦੀ ਸ਼ਰਮ ਪੈਸਿਆਂ ਨਾਲ਼ ਢਕੀ ਜਾਂਦੀ ਹੋਵੇ।
ਇਹ ਕੋਈ ਨਾ ਕੋਈ ਕੰਮ ਵਿੱਢ ਰੱਖਦਾ ਹੈ। ਸੀਤਲ ਵਰਗੇ ਦੋ ਚਾਰ ਬੰਦੇ ਮਗਰ ਲਾਏ ਹੋਏ ਹਨ। ਛੜੇ-ਛਟਾਂਕ। ਨਾ ਅੱਗਾ ਨਾ ਪਿੱਛਾ। ਜਿਨ੍ਹਾਂ ਨੇ ਧੀ ਵਿਹਾਉਣੀ ਨਹੀਂ, ਨੂੰਹ ਲਿਆਉਣੀ ਨਹੀਂ। ਇਸਦੇ ਨਾਲ਼ ਤੁਰੇ ਫਿਰਨਗੇ ਤਾਂ ਚਾਰ ਦੁੱਪੜਾਂ ਮਿਲਦੀਆਂ ਰਹਿਣਗੀਆਂ। ਦਾਰੂ ਸਿੱਕਾ ਵੀ ਚਲਦਾ ਰਹੂ। ਸੀਤਲ ਨੇ ਵੀ ਤੀਂਵੀ ਛੱਡੀ ਹੋਈ ਐ। ਉਹ ਬਿਚਾਰੀ ਕਿਸੇ ਦੇ ਬੇਸਮੈਂਟ ਵਿਚ ਰਹਿ ਕੇ ਗੁਜਾਰਾ ਕਰਦੀ ਪਈ ਐ। ਇਹ ਦੋਨੋਂ ’ਕੱਠੇ ਤੁਰੇ ਫਿਰਦੇ ਐ, ਸਮਾਜ ਸੁਧਾਰ ਕਰਦੇ। ਆਪਣੇ ਘਰ ਦਾ ਭਾਵੇਂ ਸੁਧਾਰ ਹੋਵੇ ਨਾ।
ਜਿਸ ਦਿਨ ਦੀ ਮੈਂ ਵਿਆਹੀ ਆਈ ਹਾਂ, ਏਸ ਨੇ ਕਦੀ ਮੇਰਾ ਹਾਲ ਨ੍ਹੀ ਪੁੱਛਿਆ। ਕੋਈ ਗੱਲ ਕਰਾਂ ਵੀ ਤਾਂ ਟੁੱਟ-ਟੁੱਟ ਕੇ ਪੈਂਦਾ ਹੈ। ਮੈਂ ਜਿਮੇਂ ਅਕਲੋਂ ਅੰਨੀਂ ਹੋਵਾਂ। ਮੈਂ ਜ਼ਿੰਦਗੀ ਵਿਚ ਚੁੱਪ ਸਾਧ ਲਈ ਹੈ। ਤੇ ਹੁਣ ਮੇਰੀ ਚੁੱਪ ਵੀ ਇਸਨੂੰ ਖਟਕਦੀ ਹੈ। ਕਦੀ ਬੋਲਾਂ ਵੀ ਤਾਂ ਸਿਰਫ਼ ਏਸ ਦੇ ਦਿਮਾਗ ਵਿਚ ਪਾਉਣ ਲਈ ਕਿ “ਸਾਨੂੰ ਇਹ ਸਭ ਕੁਝ ਨਹੀਂ ਚਾਹੀਦਾ। ਕਿਸ ਲਈ ਬਣਾ ਰਹੇ ਹੋ? ਬੈਂਕਾਂ ਭਰੀਆਂ ਹੋਈਆਂ ਕਿਸ ਕੰਮ ਜੇ ਕਰ …?” ਏਨੇ ਲਫ਼ਜ਼ ਬੋਲਦਿਆਂ ਵੀ ਮੇਰੇ ਅੱਖਾਂ ਦੇ ਹੰਝੂ ਆਪ ਮੁਹਾਰੇ ਵਹਿ ਤੁਰਦੇ ਹਨ। ਮੇਰੇ ਪੁੱਤ ਦਾ ਚਿਹਰਾ ਮੇਰੀਆਂ ਅੱਖਾਂ ਦੇ ਪਾਣੀ ਵਿੱਚ ਭਿੱਜ ਜਾਂਦਾ ਹੈ। ਮੇਰੀ ਧੀ ਦਾ ਚੇਤਾ ਮੇਰੀ ਹਿੱਕ ਵਿਚ ਖੁੱਭ ਜਾਂਦਾ ਹੈ।
“ਤੂੰ ਤਾਂ ਕਮਲੀ ਐਂ। ਆਪਣੀ ਭੋਰਾ ਕੁ ਜਿਹੜੀ ਮੱਤ ਕੋਲ ਹੈ, ਉਸਨੂੰ ਕੋਲ ਹੀ ਰੱਖਿਆ ਕਰ। ਇੱਥੇ ਨਿਆਣਿਆਂ ਲਈ ਥੋੜਾ ਕੋਈ ਬਣਾਉਂਦੈ। ਹਰ ਇਕ ਦੀ ਆਪਣੀ ਲਾਈਫ਼ ਐ। ਨਿਆਣੇ ਜਿਨ੍ਹਾਂ ਦੇ ਹੈਨ ਵੀ ਉਹ ਵੀ ਤਾਂ ਨਾ ਹੋਇਆਂ ਅਰਗੇ ਆ। ਅਸੀਂ ਤਾਂ ਉਨ੍ਹਾਂ ਤੋਂ ਚੰਗੇ ਹਾਂ।” ਇਹ ਹੰਕਾਰ ਜਿਹੇ ਵਿਚ ਆਖਦਾ ਹੈ, ਜਿਵੇਂ ਬੱਚਿਆਂ ਦੇ ਘਰ ਵਿਚ ਨਾ ਹੋਣ ਦਾ ਇਸਨੇ ਸ਼ੁਕਰ ਕੀਤਾ ਹੋਵੇ।
“ਫੇਰ ਵੀ ਬਥੇਰਾ ਬਣਾ ਲਿਆ। ਹੁਣ ਕੀ ਲੋੜ ਹੈ ਹੈਦਾਂ ਦੇ ਕੰਮਾਂ…” ਤੇ ਮੈਂ ਅੱਖਾਂ ਨਿਵਾਉਂਦੀ ਹੋਈ ਚੁੱਪ ਕਰ ਜਾਂਦੀ ਹਾਂ।
“ਮੈਂ ਨਾ ਕਰੂੰ ਤਾਂ ਹੋਰ ਕੋਈ ਕਰ ਲਊ। ਤੈਨੂੰ ਕੀ ਫਰਕ ਪੈਂਦੈ? ਬਸ ਤੂੰ ਚੁੱਪ ਰਿਹਾ ਕਰ। ਐਂਵੇਂ ਮੇਰੇ ਕੰਮਾਂ ’ਚ ਟੰਗ ਨਾ ਅੜਾਇਆ ਕਰ। ਕਿੱਥੇ ਪਸ਼ੂ ਮੱਤ ਨਾਲ਼ ਵਾਹ ਪੈ ਗਿਆ।” ਇਹ ਔਖਾ ਹੋ ਕੇ ਬੋਲਦਾ ਹੈ।
ਮੈਂ ਆਪਣੀ ਮੱਤ ਦੀਆਂ ਉੜੀਆਂ ਧੱਜੀਆਂ ਨੂੰ ਲੈ ਕੇ ਤੋਪੇ ਲਾਉਣ ਬੈਠ ਜਾਂਦੀ। ਚੁੱਪ ਵਿਚ ਹੀ ਮੇਰੀ ਭਲਾਈ ਹੈ। ਮੇਰੀਆਂ ਸੋਚਾਂ ਮੇਰੇ ਬੱਚਿਆਂ ਵਿਚ ਖੁੱਭੀਆਂ ਰਹਿੰਦੀਆਂ। ਸੋਚ ਉਨ੍ਹਾਂ ਦੇ ਬਚਪਨ ਦੀਆਂ ਕਿਲਕਾਰੀਆਂ ਵਿਚ ਜਾ ਖੁੱਭਦੀ ਹੈ। ਸਟੀਵ ਸੱਤਾਂ ਕੁ ਸਾਲਾਂ ਦਾ ਸੀ। ਰਬੀਨਾ ਪੰਜਾਂ ਦੀ। ਉਹ ਦੋਨੋਂ ਜਿੱਦ ਕਰਦੇ, ਪਿਓ ਦੀ ਤਾਂਘ ਉਨ੍ਹਾਂ ਨੂੰ ਬਿਹਵਲ ਕਰੀ ਰੱਖਦੀ। ਸਟੀਵ ਚਾਹੁੰਦਾ ਕਿ ਪਿਓ ਉਸਦੀ ਸਪੋਰਟਸ ਵੇਲੇ ਦੇਖਣ ਆਵੇ। ਪਰ ਨਹੀਂ, ਮੇਰੇ ਜੀਣ ਜੋਗੇ ਦੇ ਪੱਲੇ ਨਿਰਾਸ਼ਾ ਹੀ ਪੈਂਦੀ। ਪਿਓ ਜਦੋਂ ਘਰ ਆਉਂਦਾ ਤਾਂ ਟੁੱਟ –ਟੁੱਟ ਕੇ ਬੱਚਿਆਂ ਨੂੰ ਪੈਂਦਾ। ਮੇਰੇ ਵੀ ਧੌਲ-ਧੱਫਾ ਮਾਰ ਦਿੰਦਾ। ਛੋਟੇ ਹੁੰਦੇ ਬੱਚੇ ਤਾਂ ਡਰ ਕੇ ਲੁਕ ਜਾਂਦੇ। ਜਿਉਂ ਵੱਡੇ ਹੋਏ ਤਾਂ ਉਨ੍ਹਾਂ ਦੇ ਮਨ ਬਗ਼ਾਵਤ ਕਰਨ ਲੱਗ ਪਏ। ਪਹਿਲੀ ਵਾਰੀ ਸਟੀਵ ਨੂੰ ਸਿਗਰਟ ਪੀਂਦੇ ਫੜਿਆ ਤਾਂ ਉਹ ਮਸਾਂ ਗਿਆਰਾਂ ਕੁ ਸਾਲਾਂ ਦਾ ਸੀ। ਰਵੀਨਾ ਚੁੱਪ-ਗੜੁੱਪ ਜਿਹੀ ਰਹਿੰਦੀ ਪਰ ਉਸਦੇ ਅੰਦਰ ਜਵਾਰਭਾਟੇ ਵਰਗਾ ਤੂਫ਼ਾਨ ਖੌਲਦਾ। ਉਹ ਆਪਣੇ ਪਿਓ ਵੱਲ ਨਹਿਰੀ ਜਿਹੀ ਵੱਟ ਕੇ ਦੇਖਦੀ। ਉਸ ਤੱਕਣੀ ਤੋਂ ਮੈਨੂੰ ਵੀ ਡਰ ਲਗਦਾ।
ਸਟੀਵ ਹਾਈ ਸਕੂਲ ਜਾ ਕੇ ਡਰੱਗਾਂ ਵਿੱਚ ਪੈ ਗਿਆ। ਮੈਂ ਵਥੇਰਾ ਸਮਝਾ ਥੱਕੀ। ਝਿੜਕਿਆ ਵੀ। ਡਾਕਟਰ ਨਾਲ਼ ਵੀ ਗੱਲ ਬਾਤ ਕੀਤੀ। ਦੋ ਵਾਰੀ ਉਸਨੂੰ ‘ਡਰੱਗ ਰੀਹੈਵ’ ਵਿਚ ਵੀ ਭੇਜਿਆ ਜਿੱਥੇ ਏਸ ਤਰ੍ਹਾਂ ਦੇ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ। ਹੋਰ ਮੈਂ ਕੀ ਕਰ ਸਕਦੀ ਸਾਂ। ਮੁੰਡੇ ਨੂੰ ਦਰੋ-ਦਰ ਲੈ ਕੇ ਤੁਰੀ ਫਿਰਦੀ ਨੂੰ ਝਿੜਕਾਂ ਵਾਧੂ ਖਾਣੀਆਂ ਪੈਂਦੀਆ। ਭਾਵੇਂ ਸਟੀਵ ਪੰਜਾਬੀ ਸਮਝ ਲੈਂਦਾ ਸੀ ਪਰ ਫੇਰ ਵੀ ਕਨੇਡੀਅਨ ਸਕੂਲਾਂ ਵਿਚ ਜਾਣ ਨਾਲ਼ ਉਸਦੀ ਬੋਲੀ ਉਸਦੀ ਭਾਸ਼ਾ ਅੰਗਰੇਜ਼ੀ ਹੀ ਸੀ। ਕਮਿਉਨੀਕੇਟ ਦੀ ਕਮੀ ਕਾਰਨ ਸਾਡੇ ਵਿਚਾਲੇ ਪਾੜਾ ਵਧਦਾ ਹੀ ਗਿਆ ਤੇ ਉਹ ਆਪਣੀ ਦੁਨੀਆਂ ਵਿਚ ਗੁਆਚਦਾ ਗਿਆ। ਉਹ ਦਿਨੋਂ ਦਿਨ ਸਾਥੋਂ ਦੂਰ ਹੁੰਦਾ ਗਿਆ। ਮੈਂ ਵਾਰ-ਵਾਰ ਉਸਨੂੰ ਮਮਤਾ ਦੇ ਵਾਸਤੇ ਦਿੰਦੀ ਪਰ ਉਸ ਦੇ ਅੰਦਰ ਦੀ ਤਲਬ, ਪਿਓ ਪਿਆਰ ਲਈ ਵੀ ਤੜਫ਼ਦੀ। ਆਖਰ ਉਹ ਡਰੱਗ ਦੇ ਓਵਰਡੋਜ਼ ਨਾਲ਼ ਦਮ ਤੋੜ ਗਿਆ। ਤੇ ਏਸ ਮਨੁੱਖ ਦਾ ਮਨ ਫੇਰ ਵੀ ਨਹੀਂ ਖੌਲਿਆ। ਜੇ ਖੌਲਿਆ ਹੋਊ ਤਾਂ ਇਸਨੇ ਜਾਹਿਰ ਨ੍ਹੀ ਕੀਤਾ। ਲੋਕੀਂ ਵੀ ਅਫ਼ਸੋਸ ਨੂੰ ਆਏ ਹੋਏ ਆਖਣ ਲੱਗੇ, ਇੱਕੋ-ਇੱਕ ਪੁੱਤ ਦੀ ਮੌਤ ਨੇ ਏਸਨੂੰ ਪਾਗਲ ਤਾਂ ਨ੍ਹੀਂ ਕਰ ਦਿੱਤਾ? ਜਿਹੜਾ ਭੁੱਟ-ਭੁੱਟ ਗੱਲਾਂ ਹੀ ਕਰੀ ਜਾਂਦਾ ਹੈ ਜਿਮੇਂ ਪੁੱਤ ਨ੍ਹੀਂ ਕੋਈ ਕੁੱਤਾ-ਬਿੱਲੀ ਮਰੀ ਹੋਵੇ।
ਇਸਦਾ ਅਸਰ ਪਿਆ, ਮੇਰੀ ਧੀ ਰਵੀਨਾ ਤੇ। ਉਹ ਅੱਡ-ਅੱਡ ਤੌਰ-ਤਰੀਕੇ ਅਪਨਾਉਣ ਲੱਗ ਪਈ। ਪਹਿਲਾਂ ਡਰਦੀ ਬੋਲਦੀ ਨਹੀਂ ਸੀ ਤੇ ਹੁਣ ਫੌਹੀ ਕੁੱਤੀ ਵਾਂਗ ਟੁੱਟ ਕੇ ਪੈਂਦੀ। ਪਿਓ ਨੂੰ ਜਿਮੇਂ ਅੱਖਾਂ ਦਿਖਾਲਦੀ। ਜਿਹੜੇ ਕੰਮ ਨੂੰ ਪਿਓ ਰੋਕਦਾ, ਉਹ ਉਹੋ ਹੀ ਕਰਦੀ। ਪਿਓ ਦੇ ਸਾਮ੍ਹਣੇ ਖੜੀ ਹੋ ਜਾਂਦੀ। ਦੋ ਚਪੇੜਾਂ ਪੈਂਦੀਆਂ ਵੀ ਤਾਂ ਹਿੰਝ ਨਾ ਕੇਰਦੀ। ਮੇਰਾ ਕਹਿਣਾ ਮੰਨ ਲੈਂਦੀ ਪਰ ਪਿਓ ਨੂੰ ਰੱਜ ਕੇ ਤੰਗ ਕਰਦੀ। ਵਖਰੇ-ਵਖਰੇ ਢੰਗ ਦੇ ਉਹ ਕੱਪੜੇ ਪਾਉਂਦੀ, ਮੇਕ ਅੱਪ ਕਰਦੀ।
ਜਿਸ ਦਿਨ ਰਵੀਨਾ ਕੰਨ, ਨੱਕ, ਬੁੱਲ, ਭਰਵੱਟੇ, ਧੁੰਨੀ ਵਿੰਨਾਂ ਕੇ ਘਰ ਆਈ, ਉਸ ਦਿਨ ਏਸ ਬੰਦੇ ਨੇ ਕੁੜੀ ਆਪਣੀ ਬੈਲਟ ਨਾਲ਼ ਕੁੱਟੀ। ਮੈਨੂੰ ਵੀ ਨਹੀਂ ਬਖ਼ਸ਼ਿਆ। ਜਿੰਨੀਆਂ ਬੈਲਟਾਂ ਕੁੜੀ ਦੇ ਲੱਗੀਆਂ, ਉਸ ਤੋਂ ਦੂਣੀਆਂ ਮੇਰੇ ਵੱਜੀਆਂ। ਜੀ ਕੀਤਾ ਪੁਲੀਸ ਨੂੰ ਨੰਬਰ ਘੁਮਾ ਦਿਆਂ। ਫੇਰ ਦੂਰ ਦੀ ਸੋਚੀ ਕਿ ਕਲ ਨੂੰ ਧੀ ਵੀ ਵਿਹਾਉਣੀ ਹੈ। ਅਜ ਦਾ ਚੁੱਕਿਆ ਕਦਮ, ਸਾਰੀ ਉਮਰ ਭੁਗਤਣਾ ਪਊ। ਕੁੜੀ ਨੂੰ ਤਾਂ ਮੈਂ ਸਮਝਾ ਲਊਂਗੀ।
ਉਸ ਰਾਤ ਮੈਂ ਆਪਣੀਆਂ ਲਾਸਾਂ ਤੇ ਅਤੇ ਕੁੜੀ ਦੀਆਂ ਲਾਸਾਂ ਤੇ ਬਰਫ਼ ਰੱਖਦੀ ਰਹੀ ਤੇ ਉਸਨੂੰ ਸਮਝਾਉਂਦੀ ਰਹੀ। ਮੇਰੀ ਧੀ ਫੇਰ ਚੰਗੀ ਸੀ, ਉਸਨੇ ਵੀ ਪੁਲੀਸ ਨੂੰ ਫੋਨ ਨਹੀਂ ਕੀਤਾ। ਵਰਨਾ ਇੱਥੇ ਬੱਚੇ ਝਿੜਕਾ ਵੀ ਮਾਰੋ ਤਾਂ ਘੁਮਾ ਦੇਣਗੇ ਨੌ ਸੌ ਗਿਆਰਾਂ ਨੰਬਰ ਪੁਲੀਸ ਵਾਲਿਆਂ ਦਾ। ਨੀਲੀਆਂ ਬੱਤੀਆਂ ਵਾਲੀਆਂ ਕਾਰਾਂ, ਆ ਦਬੋਚਦੀਆਂ ਹਨ ਮਾਂ-ਪਿਓ ਨੂੰ। ਤੇ ਲੈ ਜਾਂਦੀਆਂ ਹਨ ਬੱਚਿਆਂ ਨੂੰ ਆਪਣੇ ਨਾਲ਼। ਭੇਜ ਦੇਣਗੇ ਫੌਸਟਰ ਹੋਸ ਵਿਚ।
ਦੂਜੇ ਦਿਨ ਸਵੇਰੇ ਜਦੋਂ ਰਵੀਨਾ ਸਕੂਲ ਜਾਣ ਲਈ ਤਿਆਰ ਹੋ ਰਹੀ ਸੀ ਤਾਂ ਉਸ ਕੋਲ ਬੈਗ ਆਮ ਨਾਲ਼ੋਂ ਭਾਰਾ ਸੀ। ਮੈਂ ਸੋਚਿਆ ਕਿ ਜਿੱਮ ਵਗੈਰਾ ਜਾਣਾ ਹੋਊ। ਤੁਰਨ ਲੱਗੀ ਤੇ ਪਿਓ ਨੇ ਫੇਰ ਉਸਨੂੰ ਅੱਖਾਂ ਦਿਖਾਲੀਆਂ ਤਾਂ ਉਹ ਜਾਣ ਲੱਗੀ, ਬਾਹਰਲੇ ਦਰਾਂ ਵਿਚ ਖੜੀ ਹੋ ਕੇ ਬੋਲੀ, “ਮੈਨ, ਯੂ ਸ਼ੱਟ-ਅੱਪ। ਯੂ ਆਰ ਨੋ ਫਾਦਰ ਟੂ ਮੀ। ਯੂ ਆਰ ਜਸਟ ਏ ਸਪਰਮ ਡੋਨਟ। ਮੈਂ ਕਦੀ ਤੇਰਾ ਨਾਂ ਨਹੀਂ ਲਊਂਗੀ। ਚੇਤੇ ਨਹੀਂ ਕਰੂੰਗੀ। ਯੂ ਕਿਲਡ ਮਾਈ ਬਰਦਰ। ਯੂ ਆਰ ਏ ਮਰਡਰਰ।” ਤੇ ਉਹ ਔਹ ਗਈ, ਔਹ ਗਈ। ਮੈਂ ਖੜੀ ਦੇਖਦੀ ਰਹਿ ਗਈ।
ਉਹੋ ਅਖੀਰੀ ਵਕਤ ਸੀ ਜਦੋਂ ਮੈਂ ਜਾਂਦੀ ਦੀ ਪਿੱਠ ਦੇਖੀ ਸੀ। ਉਸ ਦਿਨ ਜਦੋਂ ਉਹ ਸਕੂਲੋਂ ਬਾਅਦ ਘਰ ਨਾ ਮੁੜੀ ਤਾਂ ਮੈਨੂੰ ਖਿਆਲ ਆਇਆ ਕਿ ਉਹ ਸਵੇਰੇ ਕਿਉਂ ਮੈਨੂੰ ਜੱਫ਼ੀ ਵਿਚ ਲੈ ਕੇ ਖੜੀ ਰਹੀ ਸੀ। ਉਹ ਵੀ ਛੱਡ ਗਈ ਮੈਨੂੰ। ਪੁਲੀਸ ਦੇ ਰਿਪੋਰਟ ਵੀ ਲਿਖਾਈ। ਬਥੇਰਾ ਉਸਨੂੰ ਭਾਲਦੇ ਰਹੇ। ਪਤਾ ਨ੍ਹੀ ਕਿਹੜੀ ਧਰਤੀ ਉਸਨੂੰ ਨਿਗਲ ਗਈ। ਕਿਹੜੇ ਅੰਬਰੀਂ ਉਹ ਸਾਹ ਲੈਂਦੀ ਹੋਊ। ਜਿਸ ਦਿਨ ਉਹ ਗਈ, ਮੇਰੇ ਅੰਦਰ ਇਕ ਚੀਕ ਸੁਲਗਣ ਲੱਗੀ ਜੋ ਮੇਰੀ ਹਿੱਕ ਵਿਚ ਦੱਬ ਹੋ ਗਈ। ਲਗਦੈ, ਜਿਸ ਦਿਨ ਇਹ ਚੀਕ ਬਾਹਰ ਨਿੱਕਲੀ, ਉਸ ਦਿਨ ਏਸ ਨੇ ਸਭ ਕੁਝ ਤਹਿਸ਼-ਨਹਿਸ਼ ਕਰ ਦੇਣੈ।
ਸੋਚ ਫੇਰ ਫੈਮਿਲੀ ਰੂਮ ਵੱਲ ਪਰਤਦੀ ਹੈ। ਸੀਤਲ ਤੇ ਗੁਰਦੇਵ ਕਦੋਂ ਦੇ ਘਰੋਂ ਜਾ ਚੁੱਕੇ ਹਨ। ਤੇ ਮੈਂ ਬੈਠੀ ਹਾਂ ਉਸੇ ਥਾਂ ਚੀਕ ਨੂੰ ਸਹਿਲਾਉਂਦੀ ਹੋਈ ਤਾਂ ਕਿ ਮੇਰੀ ਧੀ ਦੇ ਆਉਣ ਤੱਕ ਇਹ ਮੇਰਾ ਖਹਿੜਾ ਨਾ ਛੱਡ ਦੇਵੇ।