ਵਿਸ਼ਵ ਭਰ ਦੀ ਵੈਸਾਖੀ
Wikibooks ਤੋਂ
ਵੈਸਾਖੀ ਵਿਸ਼ਵ ਭਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਨਾਈ ਜਾਂਦੀ ਹੈ। ਇਸ ਤਿਉਹਾਰ ਦਾ ਸੱਭਿਆਚਾਰਕ ਪੱਖ ਵੀ ਹੈ ਅਤੇ ਧਾਰਮਕ ਪੱਖ ਵੀ। ਦੁਨੀਆ ਦੇ ਕਿਸੇ ਖੰਡ ਵਿੱਚ ਚਲੇ ਜਾਓ, ਇਹ ਦੋਵੇਂ ਪੱਖ ਅੱਡ-ਅੱਡ ਜਾਂ ਸੰਯੁਗਤ ਰੂਪ ਵਿੱਚ ਮਿਲਦੇ ਹਨ। ਸਾਰੀ ਦੁਨੀਆਂ ਵਿੱਚ ਮਨੁੱਖ ਦੀ ਦ੍ਰਿਸ਼ਟੀ ਇੱਕੋ ਤਰ੍ਹਾਂ ਦੀ ਲਗਦੀ ਹੈ। ਉਹ ਆਤਮਕ ਖ਼ੁਸ਼ੀ ਵੀ ਮੰਗਦਾ ਅਤੇ ਪਦਾਰਥਕ ਵੀ। ਉਹ ਕਸ਼ਟ ਵੀ ਝੱਲਦਾ ਹੈ, ਮੰਨਤਾ ਵੀ ਮੰਨਦਾ ਹੈ ਪਰ ਪਰਗਟਾਉਂਦਾ ਭਿੰਨ-ਭਿੰਨ ਕਿਰਿਆਵਾਂ ਅਨੁਸਾਰ। ਹੈਰਾਨੀ ਵਾਲੀ ਗੱਲ ਹੈ ਕਿ ਨਾ ਮੇਲ ਨਾ ਜੋਲ, ਹਜ਼ਾਰਾਂ ਕੋਹਾਂ ਅਤੇ ਸੈਂਕੜੇ ਸਾਲਾਂ ਦਾ ਫ਼ਰਕ, ਪਰ ਮਨੂੱਖ ਦੇ ਜਜ਼ਬਿਆਂ ਵਿੱਚ ਏਕਤਾ ਇੱਕੋ-ਜਿਹੀ। ਆਓ ਆਪਾਂ ਜ਼ਰਾ ਵਸਾਖੀ ਨੂੰ ਮੁੱਖ ਰੱਖਕੇ ਇਸ ਗੱਲ ਨੂੰ ਪਰਖੀਏ।
ਭਾਰਤ ਵਿੱਚ ਦੇਸੀ ਮਹੀਨਾ ਵੈਸਾਖ, ਅੰਗਰੇਜ਼ੀ ਮਹੀਨੇ ਅਪਰੈਲ-ਮਈ ਵਿੱਚ ਆਉਂਦਾ ਹੈ। ਭਾਈ ਕਾਹਨ ਸਿੰਘ ‘ਮਹਾਨ ਕੋਸ਼’ ਵਿੱਚ ਵੈਸਾਖ ਬਾਰੇ ਲਿਖਦਾ ਹੈ: ਵੈਸਾਖ: ਸੰਸਕ੍ਰਿਤ. ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ ਜਿਸ ਮਹੀਨੇ ਦੀ ਪੂਰਨਮਾਸੀ ਹੈ।
ਵੈਸਾਖੀ: ਸੰਗ੍ਯਾ – ਵੈਸ਼ਾਖੀ. ਵਿਸ਼ਾਖਾ ਨਛਤ੍ਰ ਵਾਲੀ ਪੂਰਨਮਾਸੀ। 2. ਵੈਸ਼ਾਖ ਦਾ ਪਹਿਲਾ ਪ੍ਰਵਿਸ਼†ਾ ਸੂਰਜ ਦੇ ਹਿਸਾਬ ਵੈਸ਼ਾਖ ਦਾ ਪਹਿਲਾ ਦਿਨ। ਗੁਰਦਰਸ਼ਨ ਲਈ ਵੈਸਾਖੀ ਦੇ ਦਿਨ ਦੇਸ਼ ਦੇਸ਼ਾਂਤਰਾਂ ਦੀ ਸੰਗਤਿ ਦਾ ਏਕਤ੍ਰ ਹੋਣਾ, ਅਰਥਾਤ ਵੈਸਾਖੀ ਦਾ ਮੇਲਾ, ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦਾਸ ਦੀ ਆਗ੍ਯਿਾ ਨਾਲ ਕਾਇਮ ਕੀਤਾ ਸੀ। ਖਾਲਸਾ ਪੰਥ ਦਾ ਇਹ ਜਨਮਦਿਨ ਭੀ ਹੈ, ਇਸ ਲਈ ਸਿੱਖਾਂ ਦਾ ਮਹਾਨ ਪਰਵ ਹੈ।
ਉੱਤਰੀ ਭਾਰਤ ਵਿੱਚ ਵੈਸਾਖੀ, ਸਾਲ ਦਾ ਨਵਾਂ ਦਿਨ ਕਰ ਕੇ ਮਨਾਇਆ ਜਾਂਦਾ ਹੈ। ਵੈਸਾਖੀ ਜਿਸ ਨੂੰ ਬੈਸਾਖੀ ਵੀ ਆਖਿਆ ਜਾਂਦਾ ਹੈ, ਆਮ ਕਰਕੇ 13 ਅਪਰੈਲ ਨੂੰ ਆਉਂਦੀ ਹੈ। ਤਮਲਨਾਡ ਵਿੱਚ ਇਸ ਮਹੀਨੇ ਨੂੰ ‘ਵਿਸ਼ੂ’ ਕਹਿਕੇ ਪੁਕਾਰਿਆ ਜਾਂਦਾ ਹੈ ਅਤੇ ‘ਪੁਥਾਂਡੂ’ ਨਾਂ ਨਾਲ ਮਨਾਇਆ ਜਾਂਦਾ ਹੈ।
ਵੈਸਾਖ ਮਹੀਨੇ ਦੇ ਤਿਉਹਾਰ, ਮੇਲੇ ਅਤੇ ਧਾਰਮਕ ਰਹੁ-ਰੀਤਾਂ ਕਈ ਢੰਗਾਂ ਦੁਆਰਾ ਪੰਜਾਬ, ਹਰਿਆਣਾ, ਦੱਖਣੀ ਭਾਰਤ, ਮਨੀ ਪੁਰ, ਆਸਾਮ, ਬੰਗਾਲ, ਹਿਮਾਚਲ ਪ੍ਰਦੇਸ ਅਤੇ ਬਿਹਾਰ ਵਿੱਚ ਮਨਾਏ ਜਾਂਦੇ ਹਨ।
ਪੰਜਾਬੀ ਭੰਗੜੇ ਦਾ ਦ੍ਰਿਸ਼ ਅਤੇ ਪੱਕੀਆਂ ਕਣਕਾਂ ਦੀਆਂ ਬੱਲੀਆਂ
ਉੱਤਰੀ ਭਾਰਤ ਵਿੱਚ ਖ਼ਾਸ ਤੌਰ ਤੇ ਪੰਜਾਬ-ਹਰਿਆਣਾ ਵਿੱਚ ਜਦੋਂ ਹਾੜੀ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਕਿਰਸਾਨ ਵੈਸਾਖੀ ਦਾ ਤਿਉਹਾਰ ਹਰਸ਼ੋ-ਹੁਲਾਸ ਨਾਲ ਮਨਾਉਂਦੇ ਹਨ। ਬੱਚੇ, ਬੁਢੇ, ਜਵਾਨ, ਮਰਦ, ਔਰਤਾਂ ਅਤੇ ਮੁਟਿਆਰਾਂ ਇਸ ਤਿਉਹਾਰ ਨੂੰ ਮਨਾਉਂਦੇ ਖ਼ੁਸ਼ੀ ਵਿੱਚ ਫੁਲੇ ਨਹੀਂ ਸਮਾਉਂਦੇ। ਕਿਧਰੇ ਢੋਲ ਦੇ ਡੱਗੇ ਨਾਲ ਭੰਗੜੇ ਪੈਂਦੇ ਹਨ। ਗਭਰੂਆਂ ਦੀਆਂ ਨਖ਼ਰੇ ਭਰੀਆਂ ਉਠਦੀਆਂ ਅੱਡੀਆਂ ਆਪ ਮੁਹਾਰੇ ਧਰਤੀ ਤੇ ਵਜਣ ਲੱਗ ਪੈਂਦੀਆਂ ਹਨ। ਗਭਰੂਆਂ ਦੀਆਂ ਖ਼ਾਸ ਕਿਸਮ ਦੀਆਂ ਪੁਸ਼ਾਕਾਂ, ਖੁਲ੍ਹੇ-ਡੁਲ੍ਹੇ ਚਾਦਰੇ, ਹੱਥਾਂ ਵਿੱਚ ਫੜੀਆਂ ਰੰਗ-ਬਰੰਗੀ ਲੰਬੀਆਂ-ਲੰਬੀਆਂ ਖੂੰਡੀਆਂ, ਛੈਣੇ ਤੇ ਕਾਟੋਆਂ, ਢੋਲੀ ਦੇ ਡੱਗੇ ਨਾਲ ਧਰਤੀ ਤੇ ਵਜਦੀਆਂ ਅੱਡੀਆਂ ਦੀ ਤਾਲ ਨਾਲ ਭੰਗੜਾ ਇੱਕ ਅਲੱਗ ਹੀ ਰੰਗ ਬੰਨ੍ਹਦਾ ਹੈ। ਉਨ੍ਹਾਂ ਵਿੱਚੋਂ ਕਿਸੇ ਇੱਕ ਦਾ ਬੋਲੀ ਪਾਉਣਾ ਅਤੇ ਬੋਲੀ ਦੀ ਚੜ੍ਹਦੀ ਹੇਕ ਦੇ ਤੋੜੇ ਤੇ ਭੰਗੜੇ ਦੇ ਦ੍ਰਿਸ਼ ਦੀ ਤੇਜ਼ੀ ਤੇ ਤਾਲ ਦਰਸ਼ਕਾਂ ਦੇ ਦਿਲਾਂ ਦੀ ਹਰਕਤ ਨੂੰ ਲਹਿਲਹਾ ਦੇਂਦੀ ਹੈ।
ਪੰਜਾਬੀ ਗਿੱਧਾ
ਦੂਜੇ ਪਾਸੇ ਮੁਟਿਆਰ ਕੁੜੀਆਂ ਵੀ ਖ਼ੁਸ਼ੀ ਪਰਗਟਾਉਣ ਵਿੱਚ ਘੱਟ ਨਹੀਂ ਰਹਿੰਦੀਆਂ। ਗਿੱਧੇ ਨਾਲ ਉਨ੍ਹਾਂ ਦੇ ਪੈਰਾਂ ਦੀ ਧਮਕ ਧੁਰ ਅਸਮਾਨ ਪਹੁੰਚਦੀ ਹੈ। ਸ਼ੋਖ਼ ਕਪੜੇ, ਚਮਕਦੇ ਸਿਤਾਰਿਆਂ ਦੀਆਂ ਚੁੰਨੀਆਂ, ਘਗਰੇ-ਘਗਰੀਆਂ (ਸਕੱਰਟਾਂ), ਸਲਵਾਰਾਂ ਅਤੇ ਸਿਰ ਤੇ ਸੋਨੇ ਦੀਆਂ ਸੱਗੀਆਂ ਨਾਲ ਗੁੰਦੇ ਵਾਲਾਂ ਨਾਲ ਸਜੀਆਂ ਮੁਟਿਆਰਾਂ ਦਾ ਗਿੱਧਾ ਜਦ ਧੂੜਾਂ ਪੁੱਟਦਾ ਹੈ ਤਾਂ ਪੰਜਾਬੀ ਸਭਿਆਚਾਰ ਦੇ ਦਿਲ-ਖਿੱਚਵੇਂ ਦ੍ਰਿਸ਼ ਪੇਸ਼ ਹੁੰਦੇ ਹਨ।
ਫ਼ਸਲ ਪੱਕ ਕੇ ਤਿਆਰ ਹੁੰਦੀ ਹੈ। ਹਰ ਪਾਸੇ ਸੋਨੇ ਰੰਗੀਆਂ ਕਣਕਾਂ ਦੂਰ-ਦੂਰ ਤੱਕ ਦਿਖਾਈ ਦਿੰਦੀਆਂ ਹਨ। ਕਿਰਸਾਨ ਆਪਣੀ ਮਿਹਨਤ ਦੇ ਫਲ ਨੂੰ ਦੇਖਕੇ ਪਰਮਾਤਮਾ ਦਾ ਹਜ਼ਾਰ ਵਾਰ ਸ਼ੁਕਰਾਨਾ ਕਰਦਾ ਹੈ। ਇਸ ਖ਼ੁਸ਼ੀ ਵਿੱਚ ਮਿਠਾਈਆਂ ਵੰਡੀਆਂ ਜਾਂਦੀਆਂ ਹਨ। ਵੈਸਾਖੀ ਵਾਲੇ ਦਿਨ ਕਿਰਸਾਨ ਕਣਕ ਦੀ ਵਾਢੀ ਸ਼ੁਰੂ ਕਰ ਦਿੰਦਾ ਹੈ। ਖ਼ੁਸ਼ੀ ਦਾ ਕੋਈ ਅਥਾਹ ਨਹੀਂ ਹੁੰਦਾ।
ਇਸ ਦਿਨ ਲੋਕ ਸਵੇਰੇ-ਸਾਝਰੇ ਉਠ ਕੇ ਇਸ਼ਨਾਨ ਕਰਦੇ ਹਨ ਅਤੇ ਸੁੰਦਰ ਕਪੜੇ ਪਹਿਨ ਕੇ ਮੰਦਰਾਂ, ਗੁਰਦੁਆਰਿਆਂ ਵਿੱਚ ਬੜੀ ਸ਼ਰਧਾ ਨਾਲ ਜਾਂਦੇ ਹਨ। ਫ਼ਸਲ ਦੀ ਸਫਲਤਾ ਦੇ ਸ਼ੁਕਰਾਨੇ ਵਜੋਂ ਆਪਣੇ ਇਸ਼ਟ ਨੂੰ ਮਿਠਾਈਆਂ ਤੇ ਰੁਪਏ-ਪੈਸੇ ਅਰਪਣ ਕਰਦੇ ਹਨ ਅਤੇ ਕਾਮਨਾ ਕਰਦੇ ਹਨ ਕਿ ਉਨ੍ਹਾਂ ਦੀ ਅਗਲੀ ਫ਼ਸਲ ਵੀ ਏਸੇ ਤਰ੍ਹਾਂ ਕਾਮਯਾਬ ਹੋਵੇ।
ਮੇਲੇ ਵਿੱਚ ਝੂਲੇ
ਕਈ ਥਾਵਾਂ ਤੇ ਵੈਸਾਖੀ ਦੇ ਮੇਲੇ ਲਗਦੇ ਹਨ। ਬੱਚੇ, ਜਵਾਨ, ਬੁਢੇ ਸੋਹਣੇ-ਸੋਹਣੇ ਕਪੜੇ ਪਾਕੇ ਗੀਤ ਗਾਉਂਦੇ, ਬੋਲੀਆਂ ਪਾਉਂਦੇ, ਤੂਤਣੀਆਂ-ਅਲਗੋਜ਼ੇ ਵਜਾਉਂਦੇ, ਦੁਰੋਂ-ਦੂਰੋਂ ਟੋਲੀਆਂ ਬੰਨ੍ਹ ਕੇ ਆਉਂਦੇ ਹਨ। ਮੇਲਿਆਂ ਵਿੱਚ ਪਸ਼ੂਆਂ ਦੀ ਮੰਡੀ ਵੀ ਲਗਦੀ ਹੈ। ਭੰਗੜੇ ਪੈਂਦੇ ਹਨ। ਦੰਗਲ ਹੁੰਦੇ ਹਨ। ਕਬੱਡੀ ਖੇਡੀ ਜਾਂਦੀ ਹੈ। ਮੇਲੇ ਦੇ ਸਾਰੇ ਪਾਸੇ ਵਕਤੀ-ਦੁਕਾਨਾਂ ਸਜੀਆਂ ਹੁੰਦੀਆਂ ਹਨ। ਲੱਡੂ-ਜਲੇਬੀਆਂ ਦੀ ਸੁਗੰਧ ਹਰ ਪਾਸੇ ਖਿੰਡੀ ਹੁੰਦੀ ਹੈ। ਨਮਕੀਨ ਪਕੌੜੇ ਤਲ਼ੇ ਜਾ ਰਹੇ ਹੁੰਦੇ ਹਨ। ਚਾਟ ਅਤੇ ਆਈਸ-ਕਰੀਮ ਦੀ ਵਿਕਰੀ ਗਰਮ ਹੁੰਦੀ ਹੈ। ਖਿਡਾਉਣਿਆਂ ਦੀਆਂ ਦੁਕਾਨਾਂ ਤੇ ਬੱਚਿਆਂ ਦੀ ਭੀੜ ਦੇਖੀ ਜਾ ਸਕਦੀ ਹੈ। ਹਰ ਕੋਈ ਖਾਣ-ਪੀਣ ਵਿੱਚ ਮਜ਼ੇ ਲੈ ਰਿਹਾ ਹੁੰਦਾ ਹੈ। ਕਈ ਭਾਂਡੇ-ਟੀਂਡੇ ਖ਼ਰੀਦ ਰਹੇ ਹੁੰਦੇ ਹਨ। ਚਾਰੇ ਪਾਸੇ ਰੌਣਕ ਅਤੇ ਖੇੜਾ ਹੁੰਦਾ ਹੈ। ਵੱਡੇ-ਵੱਡੇ ਦਿਉ-ਕਦ ਚੱਕਰਦਾਰ ਝੂਲੇ ਹੁੰਦੇ ਹਨ। ਬੱਚੇ ਝੂਟੇ ਲੈਕੇ ਬਹੁਤ ਖ਼ੁਸ਼ ਨਜ਼ਰ ਆਉਂਦੇ ਹਨ। ਸਾਰਾ ਦਿਨ ਮੌਜ-ਮੇਲਾ ਕਰਦਿਆਂ ਆਥਣ ਹੋ ਜਾਂਦੀ ਹੈ ਅਤੇ ਮੇਲਾ ਵਿਛੜਨ ਲੱਗ ਪੈਂਦਾ ਹੈ।
ਪੰਜਾਬ ਵਿੱਚ ਸਿੱਖਾਂ ਲਈ ਇਹ ਦਿਨ ਇਤਿਹਾਸਕ ਮਹੱਤਤਾ ਰਖਦਾ ਹੈ। ਇਹ ਦਿਨ ਉਨ੍ਹਾਂ ਲਈ ਬਹੁਤ ਪਵਿਤਰ ਹੈ। ਇੱਕ ਸਮਾਂ ਸੀ ਜਦ ਹਿੰਦ ਦੇ ਮੁਗ਼ਲ ਸ਼ਹਿਨਸ਼ਾਹ, ਔਰੰਗਜ਼ੇਬ ਦਾ ਜ਼ੁਲਮ ਹਿੰਦੂ-ਸਿੱਖਾਂ ਖ਼ਲਾਫ਼ ਸਿਖਰ ਤੇ ਪਹੁੰਚ ਚੁੱਕਿਆ ਸੀ। ਬਾਦਸ਼ਾਹ ਸਾਰੀ ਹਿੰਦ ਨੂੰ ਮੁਸਲਮਾਨ ਧਰਮ ਵਿੱਚ ਤਬਦੀਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਸੀ। ਹਰ ਰੋਜ਼ ਹਿੰਦੂ ਧੜਾ-ਧੜ ਮੁਸਲਮਾਨ ਬਣਾਏ ਜਾ ਰਹੇ ਸਨ। ਕਸ਼ਮੀਰੀ ਬ੍ਰਾਹਮਣਾਂ ਦਾ ਧਰਮ ਅਤਿ ਖ਼ਤਰੇ ਵਿੱਚ ਪੈ ਚੁੱਕਿਆ ਸੀ। ਉਨ੍ਹਾਂ ਨੇ ਸਿੱਖਾਂ ਦੇ ਨੌਂਵੇ ਗੁਰੂ, ਗੁਰੂ ਤੇਗ਼ ਬਹਾਦਰ ਜੀ ਨੂੰ ਆਪਣੀ ਦਰਦ ਭਰੀ ਕਹਾਣੀ ਸੁਣਾਈ ਅਤੇ ਆਪਣੇ ਧਰਮ ਦੀ ਰਾਖੀ ਲਈ ਪੁਕਾਰ ਕੀਤੀ। ਗੁਰੂ ਤੇਗ਼ ਬਹਾਦਰ ਜੀ ਨੇ ਔਰੰਗਜ਼ੇਬ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਆਪਣੇ ਸਿਰ ਦੀ ਪੇਸ਼ਕੱਸ਼ ਕੀਤੀ। ਇਸ ਦੇ ਸਿੱਟੇ ਵਜੋਂ ਔਰੰਗਜ਼ੇਬ ਨੇ ਦਿੱਲੀ ਵਿਖੇ ਚਾਂਦਨੀ ਚੌਕ ਵਿੱਚ 11 ਨਵੰਬਰ ਸੰਨ 1675 ਨੂੰ ਗੁਰੂ ਜੀ ਨੂੰ ਸ਼ਹੀਦ ਕਰ ਦਿਤਾ। ਇਸ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਣ ਲੱਗ ਪਿਆ।
ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਭਾਂਪ ਲਿਆ ਕਿ ਹੁਣ ਸਮਾਂ ਆ ਗਿਆ ਹੈ ਜਦ ਉਨ੍ਹਾਂ ਨੂੰ ਜ਼ੁਲਮ ਦਾ ਟਾਕਰਾ ਕਰਨ ਲਈ ਖਾਲਸਾ ਫ਼ੌਜ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਸ ਮੰਤਵ ਦੀ ਪੂਰਤੀ ਲਈ ਵੈਸਾਖੀ ਵਾਲੇ ਦਿਨ ਸੰਨ 1699 ਨੂੰ ਅਨੰਦਪੁਰ ਸਾਹਿਬ ਵਿਖੇ ਇੱਕ ਬਹੁਤ ਭਾਰੀ ਇਕੱਠ ਕੀਤਾ ਜਿਸ ਵਿੱਚ ਪੰਜਾਬ, ਉੜੀਸਾ, ਮੈਸੂਰ, ਗੁਜਰਾਤ, ਕਾਬਲ, ਕੰਧਾਰ ਆਦਿ ਤੋਂ ਇੱਕ ਹਿਸਾਬ ਨਾਲ ਕੋਈ 2 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ। ਭਰੇ ਇਕੱਠ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤਲਵਾਰ ਬਾਹਰ ਸੂਤ ਕੇ ਲੋਕਾਂ ਨੂੰ ਕਿਹਾ ਕਿ ਅੱਜ ਤੋਂ ਸ੍ਰੀ ਭਗੌਤੀ ਜੀ ਦੀ ਸਿਮਰਣਾ ਹੋਵੇਗੀ ਅਤੇ ਲੱਲਕਾਰਿਆ ਕਿ ਕੀ ਤੁਹਾਡੇ ਵਿੱਚ ਕੋਈ ਹੈ ਜੋ ਔਰੰਗਜ਼ੇਬ ਦੇ ਜ਼ੁਲਮ ਦਾ ਟਾਕਰਾ ਕਰਨ ਲਈ ਆਪਣਾ ਸਿਰ ਦੇਣ ਵਾਸਤੇ ਮੇਰੇ ਸਾਹਮਣੇ ਆਏ? ਲੋਕਾਂ ਵਿੱਚ ਸੱਨਾਟਾ ਛਾ ਗਿਆ। ਤੀਜੇ ਲਲਕਾਰੇ ਪਿੱਛੋਂ ਭਾਈ ਦਇਆ ਰਾਮ, ਲਾਹੌਰ (ਪੰਜਾਬ), ਉੱਠਿਆ ਅਤੇ ਆਪਣਾ ਸਿਰ ਪੇਸ਼ ਕੀਤਾ। ਗੁਰੂ ਜੀ ਭਾਈ ਦਇਆ ਰਾਮ ਨੂੰ ਇੱਕ ਤੰਬੂ ਵਿੱਚ ਲੈ ਗਏ। ਫਿਰ ਗੁਰੂ ਜੀ ਲਹੂ ਭਰੀ ਤਲਵਾਰ ਨਾਲ ਤੰਬੂ ਤੋਂ ਬਾਹਰ ਆਏ ਅਤੇ ਹੋਰ ਸਿਰ ਦੀ ਮੰਗ ਕੀਤੀ। ਇਸ ਤਰ੍ਹਾਂ ਵਾਰੋ-ਵਾਰੀ ਭਾਈ ਧਰਮ ਦਾਸ, ਦਿੱਲੀ (ਹੱਸਤਨਾਪੁਰ); ਭਾਈ ਹਿਮਤ ਰਾਏ, ਜਗਨ ਨਾਥ ਪੁਰੀ (ਉੜੀਸਾ); ਭਾਈ ਮੋਖਮ ਰਾਏ, ਦੁਆਰਕਾ (ਗੁਜਰਾਤ); ਭਾਈ ਸਾਹਿਬ ਚੰਦ, ਬਿਦਰ (ਕਰਨਾਟਕ); ਉੱਠੇ ਅਤੇ ਬੜੀ ਨਿਮ੍ਰਤਾ ਸਹਿਤ ਆਪਣੇ ਸਿਰ ਗੁਰੂ ਜੀ ਨੂੰ ਪੇਸ਼ ਕਰਦੇ ਗਏ। ਗੁਰੂ ਜੀ ਨੇ ਉਨ੍ਹਾਂ ਨੂੰ ਖੰਡੇ-ਬਾਟੇ ਨਾਲ ਤਿਆਰ ਕੀਤਾ ਅੰਮ੍ਰਿਤ ਛਕਾਇਆ ਅਤੇ ਪੂਰੇ ਸਿੰਘ ਸਜਾਕੇ ਤੰਬੂ ਤੋਂ ਬਾਹਰ ਲਿਆਂਦਾ। ਉਨ੍ਹਾਂ ਸਭ ਦੇ ਨਾਵਾਂ ਦਾ ਆਖ਼ਰੀ ਸ਼ਬਦ ਹਟਾਕੇ ਸਿੰਘ ਸ਼ਬਦ ਜੋੜ ਦਿਤਾ ਅਤੇ ਨਵਾਂ ਜੀਵਨ ਪ੍ਰਦਾਨ ਕੀਤਾ। ਗੁਰੂ ਜੀ ਨੇ ਸਿੰਘਾਂ ਲਈ ਪੰਜ ਕਕਾਰਾਂ: ਕੇਸ਼, ਕੰਘਾ, ਕਿਰਪਾਨ, ਕੜਾ ਅਤੇ ਕੱਛਾ ਦੇ ਪਹਿਨਣ ਦਾ ਹੁਕਮ ਦਿਤਾ। ਇਨ੍ਹਾਂ ਸਿੰਘਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਦਿਤੀ ਗਈ। ਫਿਰ ਗੁਰੂ ਜੀ ਨੇ ਉਨ੍ਹਾਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ ਅਤੇ ‘ਆਪੇ ਗੁਰ-ਚੇਲਾ’ ਅਖਵਾਏ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ ਵਾਲੇ ਦਿਨ ਨਵੇਂ ਪੰਥ ਦੀ ਸਾਜਨਾ ਕੀਤੀ ਅਤੇ ਖ਼ਾਲਸਾ ਫ਼ੌਜ ਤਿਆਰ ਕੀਤੀ।
ਹਰ ਸਾਲ ਵੈਸਾਖੀ ਨੂੰ ਸਿੱਖ ਇਸ ਦਿਨ ਨੂੰ ਖ਼ਾਲਸੇ ਦੇ ਜਨਮ ਦੇ ਤੌਰ ਤੇ ਬੜੇ ਉਤਸ਼ਾਹ ਅਤੇ ਉਮਾਹ ਨਾਲ ਮਨਾਉਂਦੇ ਹਨ। ਜਲੂਸ ਕੱਢੇ ਜਾਂਦੇ ਹਨ। ਅਤੁਟ ਲੰਗਰ ਵਰਤਦੇ ਹੈ। ਗੁਰਦੁਆਰਿਆਂ ਵਿੱਚ ਬੜੀ ਸ਼ਰਧਾ ਨਾਲ ਲੋਕਾਂ ਦੀਆਂ ਰੌਣਕਾਂ ਹੁੰਦੀਆਂ ਹਨ। ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਬੈਸਾਖੀ ਦਿਵਸ ਨੁੰ ਭਿੰਨ-ਭਿੰਨ ਢੰਗਾਂ ਦੁਆਰਾ ਮਨਾਇਆ ਜਾਂਦਾ ਹੈ। ਬੰਗਾਲ ਵਿੱਚ ‘ਨਬਾ ਬਰਸ਼ਾ’ (ਨਵਾਂ ਸਾਲ) ਬੰਗਾਲੀ ਲੋਕ ਗੰਗਾ ਇਸ਼ਨਾਨ ਕਰਕੇ ਮਨਾਉਂਦੇ ਹਨ। ਕਈ ਲੋਕ ਦਰਿਆਵਾਂ ਜਾਂ ਤਲਾਵਾਂ ਆਦਿ ਵਿੱਚ ਇਸ਼ਨਾਨ ਕਰਦੇ ਹਨ। ਘਰਾਂ ਨੂੰ ਰੰਗੋਲੀ ਨਾਲ ਸਜਾਇਆ ਜਾਂਦਾ ਹੈ।
ਹਿਮਾਚਲ ਪ੍ਰਦੇਸ ਵਿੱਚ ਬੈਸਾਖੀ ਸਾਲ ਵਿੱਚ ਦੋ ਵਾਰ ਮਨਾਉਂਦੇ ਹਨ: ਵੈਸਾਖ ਅਤੇ ਕੱਤਕ ਵਿੱਚ। ਗਰਮ ਪਾਣੀ ਦੇ ਝਰਨੇ ਕੋਲ ਦੇਵੀ ਨੂੰ ਸਮਰਪਤ ਮੰਦਰ ਹੁੰਦਾ ਹੈ। ਉਸ ਦੀ ਮੂਰਤੀ ਇਸ ਤਰ੍ਹਾਂ ਬਣਾਈ ਗਈ ਹੁੰਦੀ ਹੈ ਕਿ ਉਸ ਦੇ ਮੂੰਹ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਹਨ। ਉਨ੍ਹਾਂ ਲਾਟਾਂ ਨੂੰ ਪਵਿਤਰ ਮੰਨਿਆ ਜਾਂਦਾ ਹੈ ਅਤੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਮੇਲੇ ਲਗਦੇ ਹਨ। ਹਜ਼ਾਰਾਂ ਲੋਕ ਉਨ੍ਹਾਂ ਥਾਵਾਂ ਦੀ ਯਾਤਰਾਂ ਕਰਦੇ ਹਨ ਅਤੇ ਪਵਿਤਰ ਇਸ਼ਨਾਨ ਕਰਦੇ ਹਨ।
ਦੱਖਣੀ-ਭਾਰਤ ਵਿੱਚ ਤਮਲ ਅਤੇ ਤੇਲਗੂ ਲੋਕਾਂ ਦਾ ਬੈਸਾਖ ਨਵੇਂ ਸਾਲ ਦੇ ਤੌਰ ਤੇ ਮਨਾਇਆ ਜਾਂਦਾ ਹੈ। ਲਕੜੀ ਦੇ ਰੱਥ ਤੇ ਜਲੂਸ ਕੱਢੇ ਜਾਂਦੇ ਹਨ। ਕੇਰਲਾ ਦੇ ਮੰਦਰਾਂ ਵਿੱਚ ਵਿਸ਼ਨੂ ਦੇ ਮਾਣ ਵਿੱਚ ‘ਪੂਰਮ’ ਮਨਾਉਂਦੇ ਹਨ। ਹਾਥੀ ਅਨੇਕ ਢੰਗਾਂ ਨਾਲ ਸਜੇ ਮੰਦਰਾਂ ਵਿੱਚੋਂ ਨਿਕਲਦੇ ਹਨ। ਇਹ ਸਾਰੇ ਹਾਥੀ ਇੱਕ ਵੱਡੇ ਮੰਦਰ ਕੋਲ ਇਕੱਠੇ ਹੁੰਦੇ ਹਨ। ਪੂਜਾ ਕੀਤੀ ਜਾਂਦੀ ਹੈ ਅਤੇ ਫਿਰ ਚਲੇ ਜਾਂਦੇ ਹਨ। ਸ਼ਾਮ ਨੂੰ ਪਹਿਲੇ ‘ਪੂਰਮ’ ਦਾ ਆਯੋਜਨ ਦੋ ਪਾਰਟੀਆਂ ਨਾਲ ਕੀਤਾ ਜਾਂਦਾ ਹੈ। ਹਰੇਕ ਪਾਰਟੀ ਮੁਕੱਮਲ ਤੌਰ ਤੇ ਸਜੇ ਪੰਦਰਾਂ-ਪੰਦਰਾਂ ਹਾਥੀਆਂ ਨਾਲ ਸਮੇਤ ਕੇਰਲਾ ਦੇ ਰਵਾਇਤੀ ਸੰਗੀਤਕਾਰਾਂ ਦੇ ਵੱਡੇ ਮੰਦਰ ਕੋਲ ਆਉਂਦੀ ਹੈ। ਮੰਦਰ ਦੀ ਪਰਕਰਮਾ ਕਰਨ ਪਿੱਛੋਂ ਇਹ ਸਭ ਇੱਕ ਖੁਲ੍ਹੇ ਮੈਦਾਨ ਵਿੱਚ ਇਕੱਠੇ ਹੁੰਦੇ ਹਨ। ਭਿੰਨ-ਭਿੰਨ ਪਾਰਟੀਆਂ ਦੇ ਖ਼ੂਬ ਸਜੇ ਹਾਥੀ ਇੱਕ ਦੂਜੇ ਦੇ ਆਹਮੋ-ਸਾਹਮਣੇ ਖੜੇ ਹੁੰਦੇ ਹਨ। ਫਿਰ ਉਹ ਪਾਰਟੀਆਂ ਆਪਣੇ ਗੂੜ੍ਹੇ ਰੰਗਾਂ ਦੀਆਂ ਛਤਰੀਆਂ ਦਾ ਵਟਾਂਦਰਾ ਕਰਦੀਆਂ ਹਨ। ਇਸ ਰੀਤ ਨੂੰ ਕੁਦਾਮੱਤਨ ਰਸਮ ਕਹਿੰਦੇ ਹਨ। ਸਾਰਾ ਵਾਤਾਵਰਨ ਸੰਗੀਤ ਦੀ ਗੂੰਜ ਨਾਲ ਭਰਪੂਰ ਹੁੰਦਾ ਹੈ ਅਤੇ 9 ਵਜੇ ਰਾਤ ਨੂੰ ਪਹਿਲੇ ਪੂਰਮ ਦੀ ਸਮਾਪਤੀ ਹੁੰਦੀ ਹੈ।
ਪੂਰਮ ਦਾ ਦੂਜਾ ਭਾਗ ਅੱਧੀ-ਰਾਤ ਨੂੰ ‘ਇਲਾਂਗੀ’ ਦਰੱਖ਼ਤ ਥੱਲੇ ਸੰਗੀਤ ਦੀ ਖ਼ਾਸ ਧੁੰਨ ਵਜਾ ਕੇ ਅਰੰਭ ਕੀਤਾ ਜਾਂਦਾ ਹੈ। ਇਸ ਧੁੰਨ ਨੂੰ ‘ਇਲਾਂਗੀਥਾਰਾ ਮੈਲਨ’ ਕਿਹਾ ਜਾਂਦਾ ਹੈ। ਫਿਰ ਸੱਤ ਮਸ਼ਾਲਾਂ ਦੀ ਅਗਵਾਈ ਵਿੱਚ ਜਲੂਸ ਸ਼ੁਰੂ ਹੁੰਦਾ ਹੈ। ਇਸ ਪਿੱਛੇ ਸ਼ਾਨਦਾਰ ਸਜੇ ਹਾਥੀਆਂ ਦਾ ਰੋਮਾਂਚਕਾਰੀ ਦ੍ਰਿਸ਼ ਸ਼ੋਭਾ-ਭਰਪੂਰ ਅਤੇ ਯਾਦਗਾਰੀ ਹੁੰਦਾ ਹੈ। ਇਸ ਤਿਉਹਾਰ ਦਾ ਜੋਸ਼ ਦਿਨ ਚੜ੍ਹਦੇ ਤੱਕ ਜਾਰੀ ਰਹਿੰਦਾ ਹੈ। ਅੰਤ ਵਿੱਚ ਦੋ ਪਾਰਟੀਆਂ ਦੇ ਪਟਾਖ਼ੇ ਵਜਾਉਣ ਦੇ ਮੁਕਾਬਲੇ ਨਾਲ ਇਸ ਤਿਉਹਾਰ ਦੀ ਸਮਾਪਤੀ ਹੋ ਜਾਂਦੀ ਹੈ। ਪਾਂਡੀਚਰੀ ਦੇ ਮੰਦਰ ਵਿੱਚ ਇਹ ਦਿਵਸ ‘ਕਮਾਰਚੀ ਅਮਾਂ’ ਦੇਵੀ ਦੇ ਮਾਣ ਵਿੱਚ ਮਨਾਇਆ ਜਾਂਦਾ ਹੈ। ਦੇਵੀ ਦੇ ਬੁੱਤ ਨੂੰ ਗਹਿਣਿਆਂ ਅਤੇ ਫੁਲਾਂ ਨਾਲ ਸਜਾਇਆਂ ਜਾਂਦਾ ਹੈ। ਹਰ ਰੋਜ਼ ਜਲੂਸ ਘੋੜੇ ਤੇ, ਸ਼ੇਰ ਤੇ ਜਾਂ ਰੱਥ ਵਿੱਚ ਕੱਢੇ ਜਾਂਦੇ ਹਨ। ਨੌਵੇਂ ਦਿਨ ਇੱਕ ਸ਼ਾਨਦਾਰ ਜਲੂਸ ਨਾਲ ਇਸ ਤਿਉਹਾਰ ਦੀ ਸਮਾਪਤੀ ਹੁੰਦੀ ਹੈ।
ਬਿਹਾਰ ਵਿੱਚ ਵੈਸਾਖੀ ਸੂਰਜ ਦੇਵਤਾ ਦੇ ਮਾਣ ਵਿੱਚ ਸੂਰਜਪੁਰ-ਬਾਰਾਗਾਉਂ ਵਿੱਚ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਅਸਲ ਵਿੱਚ ਬਿਹਾਰ ਅਤੇ ਉੜੀਸਾ ਦੇ ਲੋਕਾਂ ਦੇ ਦਿਲਾਂ ਵਿੱਚ ਸੂਰਜ ਦੇਵਤਾ ਦਾ ਮਾਣ-ਸਤਿਕਾਰ ਬਹੁਤ ਹੈ। ਉੜੀਸਾ ਵਿੱਚ ਕੋਨਾਰਕ ਦੇ ਮੰਦਰ ਵਿੱਚ ਸੂਰਜ ਦੇਵਤਾ ਦੀ ਮੰਨਤ ਬਹੁਤ ਸ਼ਰਧਾਪੂਰਬਕ ਮਨਾਈ ਜਾਂਦੀ ਹੈ।
ਭਾਰਤ ਦੇ ਉੱਤਰ-ਪੂਰਬ ਦੇ ਸੱਤ ਸੂਬਿਆਂ ਦੇ ਆਦੀ-ਵਾਸੀ ਜਿਨ੍ਹਾਂ ਦੇ ਭਿੰਨ-ਭਿੰਨ ਸੱਭਿਆਚਾਰ, ਧਰਮ ਅਤੇ ਜ਼ਬਾਨਾਂ ਹਨ, ਉਹ ਵੀ ਆਪੋ-ਆਪਣੇ ਰੰਗ ਵਿੱਚ ਇਸ ਤਿਉਹਾਰ ਨੂੰ ਬੜੇ ਜੋਸ਼ ਨਾਲ ਮਨਾਉਂਦੇ ਹਨ। ਮਨੀਪੁਰ ਵਿੱਚ ਮਨਾਇਆ ਜਾਂਦਾ ਇਹ ਤਿਉਹਾਰ ਖ਼ਾਸ ਤੌਰ ਤੇ ਯਾਦਗਾਰੀ ਹੁੰਦਾ ਹੈ।
ਆਸਾਮ ਜਿਹੜਾ ਚਾਵਲ ਦੇ ਖੇਤਾਂ ਤੇ ਚਾਹ ਦੇ ਬਾਗ਼ਾਂ ਦਾ ਘਰ ਹੈ ਅਤੇ ਜਿਥੇ ਕਈ ਜਾਤੀਆਂ ਦੇ ਲੋਕ ਰਹਿੰਦੇ ਹਨ, ਬੈਸਾਖੀ ਵਰਗਾ ਸਮਾਰੋਹ 14 ਅਪਰੈਲ ਨੂੰ ‘ਰੰਗਲੀ ਬਿਹੂ’ ਦੇ ਨਾਂ ਨਾਲ ਮਨਾਉਂਦੇ ਹਨ। ਸਭ ਲੋਕ ਸੁੰਦਰ ਕਪੜੇ ਪਹਿਨ ਕੇ ਢੋਲ-ਢਮੱਕੇ ਦੌਰਾਨ ਖ਼ੁਸ਼ੀ ਭਰਪੂਰ ਨਾਚ-ਗਾਣੇ ਦਾ ਆਯੋਜਨ ਕਰਦੇ ਹਨ।
ਇਤਿਹਾਸਕ ਤੱਥ ਦਸਦੇ ਹਨ ਕਿ ਮਨੁੱਖ ਚਿਰਕਾਲ ਤੋਂ ਆਪਣੀ ਫ਼ਸਲ ਦੇ ਪੱਕ ਜਾਣ ਤੇ ਖ਼ੁਸ਼ੀ ਪਰਗਟ ਕਰਨ ਲਈ ਧੰਨਵਾਦ ਦਿਵਸ (Thanksgiving Day) ਮਨਾਉਂਦਾ ਆ ਰਿਹਾ ਹੈ। ਪ੍ਰਾਚੀਨ ਯੂਨਾਨ, ਰੋਮਨ, ਹਿਬਰੂ, ਚੀਨ ਅਤੇ ਮਿਸਰ ਦੇ ਲੋਕਾਂ ਵਿੱਚ ਫ਼ਸਲ ਦੀ ਵਾਢੀ ਦੇ ਮੌਕੇ ਤੇ ਤਿਉਹਾਰ ਮਨਾਉਣ ਦੀ ਗਵਾਹੀ ਮਿਲਦੀ ਹੈ।
ਪ੍ਰਾਚੀਨ ਯੂਨਾਨ ਵਿੱਚ ਲੋਕ ਅਨਾਜ ਦੀ ਦੇਵੀ ‘ਡਿਮੀਟਰ’ ਦੇ ਮਾਣ ਵਿੱਚ ਖ਼ਰੀਫ਼ ਦੀ ਫ਼ਸਲ (ਪੱਤਝੜ) ਮੌਕੇ ਵਾਢੀ ਦਾ ਤਿਉਹਾਰ ਮਨਾਉਂਦੇ ਸਨ। ਇਹ ਤਿਉਹਾਰ ਤਿੰਨ ਦਿਨ ਚਲਦਾ ਸੀ। ਲੋਕ ਦੇਵੀ ਨੂੰ ਅਨਾਜ, ਕੇਕ, ਫਲ ਅਤੇ ਸੂਰ ਆਦਿ ਦੀ ਭੇਟਾ ਚੜ੍ਹਾਉਂਦੇ ਸਨ। ਵਿਆਹੁਤਾ ਔਰਤਾਂ ਦਾ ਖ਼ਾਸ ਯੋਗਦਾਨ ਹੁੰਦਾ ਸੀ। ਯੂਨਾਨੀ ਲੋਕਾਂ ਦਾ ਵਿਸ਼ਵਾਸ ਸੀ ਕਿ ਡਿਮੀਟਰ ਦੇਵੀ ਦਾ ਅਸ਼ੀਰਵਾਦ ਉਨ੍ਹਾਂ ਨੂੰ ਵਧੀਆ ਫ਼ਸਲ ਦੇਵੇਗਾ।
ਰੋਮਨ ਲੋਕ ਵਾਢੀ ਦਾ ‘ਸੀਰੀਲੀਆ’ ਤਿਉਹਾਰ ਆਪਣੀ ਅਨਾਜ ਦੀ ਦੇਵੀ ‘ਸੀਰੇਸ’ ਨੂੰ ਸਮਰਪਤ ਮਨਾਉਂਦੇ ਸਨ। ਇਹ ਤਿਉਹਾਰ ਹਰ ਸਾਲ 4 ਅਕਤੂਬਰ ਨੂੰ ਮਨਾਇਆ ਜਾਂਦਾ ਸੀ। ਸੰਗੀਤ, ਜਲੂਸਾਂ ਅਤੇ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਸੀ। ਦੇਵੀ ਨੂੰ ਸ਼ੁਕਰਾਨੇ ਵਜੋਂ ਕਈ ਕਿਸਮ ਦੇ ਚੜ੍ਹਾਵੇ ਭੇਟ ਕੀਤੇ ਜਾਂਦੇ ਸਨ।
ਪ੍ਰਾਚੀਨ ਚੀਨ ਦੇ ਲੋਕ ਵਾਢੀ ਦਿਵਸ ਅਠਵੇਂ ਮਹੀਨੇ ਦੀ 15 ਤਰੀਕ ਨੂੰ ਪੂਰਨਮਾਸੀ ਵਾਲੇ ਦਿਨ ‘ਚੁੰਗ ਚੂਈ’ ਤਿਉਹਾਰ ਮਨਾਉਂਦੇ ਸਨ। ਲੋਕ ਸਮਝਦੇ ਸਨ ਕਿ ਚੰਦ ਦਾ ਇਹ ਜਨਮ-ਦਿਨ ਸੀ। ਉਹ ਲੋਕ ‘ਚੰਦਰ ਕੇਕ’ ਬਣਾਉਂਦੇ ਸਨ। ‘ਚੰਦਰ ਕੇਕ’ ਨੂੰ ਦੁਸ਼ਮਣ ਉੱਤੇ ਜਿੱਤ ਦਾ ਚਿੰਨ੍ਹ ਵੀ ਮੰਨਿਆ ਜਾਂਦਾ ਸੀ। ਪਰਵਾਰ ਸ਼ੁਕਰਾਨੇ ਦੇ ਪਰਗਟਾ ਦਾ ਪਕਵਾਨ ਖਾਂਦੇ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਤਿਉਹਾਰ ਦੇ ਤਿੰਨਾਂ ਦਿਨਾਂ ਵਿੱਚ ਚੰਦ ਤੋਂ ਫੁੱਲ ਡਿਗਣਗੇ ਅਤੇ ਜਿਹੜੇ ਉਨ੍ਹਾਂ ਨੂੰ ਦੇਖਣਗੇ, ਉਹ ਚੰਗੀ ਕਿਸਮਤ ਵਾਲੇ ਹੋਣਗੇ।
ਹਿਬਰੂ ਲੋਕ ਜਿਨ੍ਹਾਂ ਨੂੰ ਜੀਊਜ਼ ਜਾਂ ਯਹੂਦੀ ਕਿਹਾ ਜਾਂਦਾ ਹੈ 3000 ਸਾਲ ਤੋਂ ਵੀ ਵਧ ਸਮੇਂ ਤੋਂ ਵਾਢੀ ਦਾ ਤਿਉਹਾਰ ਮਨਾਉਂਦੇ ਆ ਰਹੇ ਹਨ। ਇਸ ਤਿਉਹਾਰ ਨੂੰ ਉਹ ‘ਸੁੱਕੋਟ’ (Sukkoth) ਕਹਿੰਦੇ ਹਨ। ਇਹ ਤਿਉਹਾਰ ਹਰੇਕ ਪਤਝੜ ਮੌਸਮ ਵਿੱਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਦੋ ਨਾਂ ਹਨ: ‘ਹੈਗ ਹਾ ਸੁੱਕੋਟ’ (Hag ha Succot) ਅਤੇ ‘ਹੈਗ ਹਾ ਆਸਿਫ’ (Hag ha Asif)। ਸੁੱਕੋਟ ਦਾ ਤਿਉਹਾਰ ਹਿਬਰੂ ਮਹੀਨੇ ਦੇ 15ਵੇਂ ਦਿਨ ਅਤੇ ਜੀਊਜ਼ ਦੇ ‘ਯੋਮ ਕਿਪਰ’ (Yom Kippur) ਵਰਸ਼ ਦੇ ਪਵਿੱਤਰ ਦਿਹਾੜੇ ਤੋਂ 5 ਦਿਨ ਬਾਅਦ ਸ਼ੁਰੂ ਹੁੰਦਾ ਹੈ। ਸੁੱਕੋਟ ਦਾ ਅਰਥ ਹੈ ਝੁਗੀ। ਮੋਜ਼ਜ਼ ਅਤੇ ਇਸਰਾਈਲੀ ਲੋਕ ‘ਕਨਾਨ ਦੇਸ਼’ (Promised Land, ਉਸ ਥਾਂ ਦੀ ਚਾਹਨਾ ਜਿੱਥੇ ਪੂਰਨ ਸੰਤੋਖ ਅਤੇ ਅਨੰਦ ਮਿਲੇ) ਦੀ ਪ੍ਰਾਪਤੀ ਲਈ 40 ਸਾਲ ਮਾਰੂ-ਥੱਲ ਵਿੱਚ ਘਾਹ-ਫੂਸ ਦੀਆਂ ਝੁਗੀਆਂ ਵਿੱਚ ਰਹਿ ਕੇ ਘੁੰਮਦੇ ਰਹੇ। ਮੋਜ਼ਿਜ਼ ਨੂੰ ਮੁਕਤੀ-ਦਾਤਾ, ਆਗੂ, ਕਾਨੂੰਨ-ਦਾਤਾ, ਪੈਗ਼ੰਬਰ ਅਤੇ ਇਤਿਹਾਸਕਾਰ ਮੰਨਿਆ ਜਾਂਦਾ ਹੈ। ਮੋਜ਼ਿਜ਼ 13ਵੀਂ ਸਦੀ ਬੀ.ਸੀ. ਅਤੇ 12ਵੀਂ ਸਦੀ ਬੀ.ਸੀ. ਦੇ ਸ਼ੁਰੂ ਵਿੱਚ ਹੋਇਆ ਹੈ। ਸੁੱਕੋਟ ਦਾ ਤਿਉਹਾਰ ਅੱਠ ਦਿਨ ਚਲਦਾ ਹੈ। ਇਸ ਤਿਉਹਾਰ ਦੌਰਾਨ ਜੀਊ ਲੋਕ ਆਪਣੇ ਘਰਾਂ ਵਿੱਚ ਘਾਹ-ਫੂਸ ਦੀਆਂ ਝੁਗੀਆਂ ਬਣਾਉਂਦੇ ਹਨ ਅਤੇ ਉਸ ਵਿੱਚ ਸਬਜ਼ੀਆਂ, ਫਲ, ਅਨਾਜ ਆਦਿ ਟੰਗਦੇ ਹਨ। ਜੀਊ ਲੋਕ ਸੁੱਕੋਟ ਦੀਆਂ ਦੋ ਰਾਤਾਂ ਨੂੰ ਸ਼ਾਮ ਦਾ ਖਾਣਾ ਇਨ੍ਹਾਂ ਝੁਗੀਆਂ ਵਿੱਚ ਆਸਮਾਨ ਥੱਲੇ ਖਾਂਦੇ ਹਨ।
ਪ੍ਰਾਚੀਨ ਮਿਸਰ ਵਿੱਚ ਵਾਢੀ ਦਾ ਤਿਉਹਾਰ ‘ਮਿਨ’ ਦੇਵਤਾ ਦੇ ਮਾਣ ਵਿੱਚ ਮਨਾਇਆ ਜਾਂਦਾ ਸੀ। ਇਸ ਦੇਵਤਾ ਨੂੰ ਬਨਸਪਤੀ ਅਤੇ ਜਣਨ ਸ਼ਕਤੀ ਦਾ ਦੇਵਤਾ ਮੰਨਿਆ ਜਾਂਦਾ ਸੀ। ਇਹ ਤਿਉਹਾਰ ਮਿਸਰੀ ਲੋਕਾਂ ਦੀ ਫ਼ਸਲ ਦੇ ਵਾਢੀ ਦੇ ਮੌਕੇ ਤੇ ਬਹਾਰ ਮੌਸਮ ਵਿੱਚ ਮਨਾਇਆ ਜਾਂਦਾ ਸੀ। ਜਲੂਸ ਨਿਕਲਦਾ ਸੀ ਅਤੇ ਉਸ ਸਮੇਂ ਦੇ ‘ਫੇਰੋਹ’ (ਬਾਦਸ਼ਾਹ) ਇਸ ਵਿੱਚ ਸ਼ਾਮਲ ਹੁੰਦੇ ਸਨ। ਗਾਣੇ-ਬਜਾਣੇ, ਨਾਚ ਅਤੇ ਖੇਡਾਂ ਤੋਂ ਇਲਾਵਾ ਬਹੁਤ ਵੱਡੇ ਖਾਣੇ ਦਾ ਵੀ ਆਯੋਜਨ ਹੁੰਦਾ ਸੀ।
ਯੂਨਾਈਟਿਡ ਸਟੇਟਸ ਆਫ਼ ਅਮੈਰੀਕਾ (USA) ਵਿੱਚ ਇਸ ਤਿਉਹਾਰ ਦੀ ਗੂੰਜ ਸੰਨ 1621 ਤੋਂ ਮਿਲਦੀ ਹੈ। ਇਸ ਤਿਉਹਾਰ ਨੂੰ ‘ਸ਼ੁਕਰਾਨੇ ਦੇ ਪਰਗਟਾ’ (Thanksgiving) ਦਾ ਨਾਂ ਦਿਤਾ ਗਿਆ ਹੈ। ਇਹ ਤਿਉਹਾਰ ਹਰ ਸਾਲ ਫ਼ਸਲ ਦੀ ਕਟਾਈ ਦੇ ਪਿੱਛੋਂ ਮਨਾਉਣਾ ਸ਼ੁਰੂ ਕੀਤਾ ਜਾਂਦਾ ਹੈ। ਸੰਨ 1863 ਵਿੱਚ ਪ੍ਰਧਾਨ ਅਬਰਾਹਮ ਲਿੰਕਨ ਨੇ ਬਾਕਾਇਦਾ ਤੌਰ ਇਸ ਤਿਉਹਾਰ ਨੂੰ ਕੌਮੀ ਦਿਵਸ ਦੇ ਤੌਰ ਤੇ ਮਾਨਤਾ ਦਿਤੀ। ਇਸ ਤਿਉਹਾਰ ਲਈ ਆਮ ਤੌਰ ਤੇ ਹਰੇਕ ਨਵੰਬਰ ਦੇ ਚੌਥੇ ਵੀਰਵਾਰ ਨੂੰ ਛੁੱਟੀ ਹੁੰਦੀ ਹੈ।
ਕਨੇਡਾ ਵਿੱਚ ਇਸ ਤਿਉਹਾਰ (Thanksgiving) ਨੂੰ ਮਨਾਉਣਾ ਸੰਨ 1879 ਵਿੱਚ ਅਰੰਭ ਕੀਤਾ ਗਿਆ। ਇਹ ਤਿਉਹਾਰ ਹਰ ਸਾਲ ਅਕਤੂਬਰ ਦੇ ਦੂਜੇ ਸੌਮਵਾਰ ਮਨਾਇਆ ਜਾਂਦਾ ਹੈ। ਲੋਕ ਇਸ ਤਿਉਹਾਰ ਦੇ ਮੌਕੇ ਤੇ ਰਿਵਾਜ ਦੇ ਤੌਰ ਤੇ ਟਰਕੀ (ਵੱਡਾ ਮੁਰਗ਼ਾ) ਖ਼ਾਸ ਤੌਰ ਤੇ ਪਕਾ ਕੇ ਖਾਣੇ ਵਿੱਚ ਖਾਂਦੇ ਹਨ।