ਜੰਗਨਾਮਾ ਸ਼ਾਹ ਮੁਹੰਮਦ/ਕਲਾਤਮਕ ਅਧਿਐਨ
ਜੰਗਨਾਮਾ ਸ਼ਾਹ ਮੁਹੰਮਦ ਇਤਿਹਾਸਕ ਤੌਰ ਉੱਤੇ ਇੱਕ ਮਹੱਤਵਪੂਰਨ ਰਚਨਾ ਹੈ। ਵਿਸ਼ੇ ਦੇ ਨਾਲ-ਨਾਲ ਇਸ ਰਚਨਾ ਦਾ ਕਲਾ ਪੱਖ ਵੀ ਆਪਣੇ ਆਪ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਜੰਗਨਾਮੇ ਦੇ ਕਲਾ ਪੱਖ ਨੂੰ ਹੇਠ ਲਿਖੇ ਵੱਖ-ਵੱਖ ਪਹਿਲੂਆਂ ਤੋਂ ਪਰਖਿਆ ਜਾ ਸਕਦਾ ਹੈ।
ਅਲੰਕਾਰ
[ਸੋਧੋ]ਅਲੰਕਾਰਾਂ ਨੂੰ ਸਾਹਿਤ ਦੇ ਗਹਿਣੇ ਮੰਨਿਆ ਜਾਂਦਾ ਹੈ ਅਤੇ ਇਹ ਸਾਹਿਤਕ ਰਚਨਾਵਾਂ ਨੂੰ ਨਿਖਾਰਨ ਲਈ ਵਰਤੇ ਜਾਂਦੇ ਹਨ। ਸ਼ਾਹ ਮੁਹੰਮਦ ਨੇ ਵੀ ਇਸ ਜੰਗਨਾਮੇ ਵਿੱਚ ਅਨੇਕ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਇਸ ਬਾਰੇ ਸੀਤਾ ਰਾਮ ਕੋਹਲੀ ਕਹਿੰਦਾ ਹੈ,“ਉਸ ਨੇ ਬਹੁਤ ਢੁਕਵੀਆਂ ਉਪਮਾਵਾਂ ਦੇ ਕੇ ਕਵਿਤਾ ਵਿੱਚ ਬਿਆਨੀ ਗੱਲ ਨੂੰ ਬਹੁਤ ਦਿਲ ਖਿੱਚਵੀਂ ਬਣਾ ਦਿੱਤਾ ਹੈ। ਉਸ ਦੀਆਂ ਉਪਮਾਵਾਂ ਢੁਕਵੀਆਂ ਤੇ ਫੱਬਵੀਆਂ ਹੋਣ ਤੋਂ ਛੁਟ ਸੁਝਾਉ ਵੀ ਹਨ।”[1] ਜੰਗਨਾਮੇ ਵਿੱਚੋਂ ਉਪਮਾ ਅਲੰਕਾਰ ਦੀ ਇੱਕ ਉਦਾਹਰਨ:
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
ਸ਼ਾਹ ਮੁਹੰਮਦ ਨੇ ਰੂਪਕ ਅਲੰਕਾਰ ਦੀ ਵੀ ਬਹੁਤ ਵਰਤੋਂ ਕੀਤੀ ਹੈ:
ਕੂੰਜਾਂ ਨਜ਼ਰ ਆਈਆਂ ਬਾਜ਼ਾਂ ਭੁੱਖਿਆਂ ਨੂੰ
ਚੋਟਾਂ ਕੈਸੀਆਂ ਦੇਖੋ ਚਲਾਂਵਦੇ ਨੀ।
ਇਸ ਤੋਂ ਬਿਨਾਂ ਸ਼ਾਹ ਮੁਹੰਮਦ ਨੇ ਲੋਕੋਕਤੀ ਅਲੰਕਾਰ, ਅਤਿਕਥਨੀ ਅਲੰਕਾਰ, ਦ੍ਰਿਸ਼ਟਾਂਤ ਅਲੰਕਾਰ ਆਦਿ ਅਲੰਕਾਰਾਂ ਦੀ ਵਰਤੋਂ ਕੀਤੀ ਹੈ।
ਰਸ
[ਸੋਧੋ]ਰਸ ਨੂੰ ਕਾਵਿ ਦੀ ਆਤਮਾ ਮੰਨਿਆ ਜਾਂਦਾ ਹੈ। ਜੰਗਨਾਮਿਆਂ ਵਿੱਚ ਬੀਰ ਰਸ ਪ੍ਰਧਾਨ ਹੁੰਦਾ ਹੈ ਅਤੇ ਇਸ ਜੰਗਨਾਮੇ ਵਿੱਚ ਵੀ ਇਸੇ ਤਰ੍ਹਾਂ ਹੈ। ਕਿੱਸੇ ਵਿੱਚ ਪੇਸ਼ ਬੀਰ ਰਸੀ ਸਤਰਾਂ ਦੀ ਉਦਾਹਰਨ ਹੇਠ ਪੇਸ਼ ਹੈ: ਸਿੰਘ ਸੂਰਮੇ ਆਣ ਮੈਦਾਨ ਲੱਥੇ ਗੰਜ ਲਾਹ ਸੁੱਟੇ ਉਹਨਾਂ ਗੋਰਿਆਂ ਦੇ। ਇਸ ਤੋਂ ਬਿਨਾਂ ਇਸ ਜੰਗਨਾਮੇ ਵਿੱਚ ਰੌਦਰ, ਭੀਪਤਸ, ਕਰੁਣਾ ਅਤੇ ਹਾਸ ਰਸ ਦੀਆਂ ਉਦਾਹਰਨਾਂ ਵੀ ਦੇਖੀਆਂ ਜਾ ਸਕਦੀਆਂ ਹਨ। ਰੌਦਰ ਰਸ ਦੀ ਉਦਾਹਰਨ ਪੇਸ਼ ਹੈ:
ਰੌਦਰ: ਸ਼ਾਹ ਮੁਹੰਮਦਾ ਲਾਟ ਹੁਣ ਕਹਿਣ ਲਗਾ
ਰੱਤ ਸਿੰਘ ਸਿਪਾਹੀ ਦੀ ਚੱਖਣੀ ਜੀ।
ਭਾਸ਼ਾ
[ਸੋਧੋ]ਸ਼ਾਹ ਮੁਹੰਮਦ ਦੀ ਭਾਸ਼ਾ ਠੇਠ, ਸਰਲ ਅਤੇ ਕੇਂਦਰੀ ਪੰਜਾਬੀ ਹੈ ਅਤੇ ਇਸ ਵਿੱਚ ਕਿਤੇ-ਕਿਤੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਹੈ।[2] ਜੋ ਸ਼ਾਇਦ ਪੰਜਾਬੀ ਸਾਹਿਤ ਵੀ ਪਹਿਲੀ ਵਾਰ ਹੋਈ ਹੈ। ਉਦਾਹਰਨ ਵਜੋਂ ਅਫਸਰ, ਕਰਨੈਲ, ਪਲਟਨ, ਰਜਮੈਂਟ ਆਦਿ ਸ਼ਬਦ ਤਦਭਵ ਰੂਪ ਵਿੱਚ ਲਏ ਗਏ ਹਨ। ਇਹਨਾਂ ਤੋਂ ਬਿਨਾਂ ਕੰਪਨੀ ਅਤੇ ਕੌਂਸਲ ਵਰਗੇ ਸ਼ਬਦ ਲਗਭਗ ਤਤਸਮ ਰੂਪ ਵਿੱਚ ਹੀ ਲਏ ਗਏ ਹਨ। ਸ਼ਾਹ ਮੁਹੰਮਦ ਵਾਰਤਾਲਾਪ ਲਿਖਦੇ ਸਮੇਂ ਅੰਗਰੇਜ਼ੀ ਅਫਸਰਾਂ ਤੋਂ ਅੰਗਰੇਜ਼ੀ ਦੀ ਜਗ੍ਹਾ ਉੱਤੇ ਹਿੰਦੀ ਬੁਲਵਾਉਂਦਾ ਹੈ। ਜੰਗਨਾਮੇ ਵਿੱਚ ਉਹ ਟੁੰਡੇ ਲਾਟ ਦੇ ਮੂੰਹ ਤੋਂ ਹੇਠ ਲਿਖੀਆਂ ਸਤਰਾਂ ਅਖਵਾਉਂਦਾ ਹੈ:
ਟੁੰਡੇ ਲਾਟ ਨੇ ਚੁਕਿਆ ਆਣ ਬੀੜਾ,
ਹਮ ਸਿੰਘ ਜਿਉਂ ਜਾਇ ਲੜੇਗਾ ਜੀ।
ਘੰਟੇ ਤੀਨ ਮੇਂ ਜਾ ਲਾਹੌਰ ਮਾਰਾਂ,
ਇਸ ਬਾਤ ਮੇਂ ਫ਼ਰਕ ਨ ਪੜੇਗਾ ਜੀ।
ਛੰਦ ਵਿਧਾਨ
[ਸੋਧੋ]ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿੱਚ ਪੰਜਾਬੀਆਂ ਦੇ ਮਨਪਸੰਦ ਛੰਦ ਬੈਂਤ ਦੀ ਵਰਤੋਂ ਕੀਤੀ ਹੈ। ਇਸ ਵਿੱਚ 105 ਬੈਂਤ ਹਨ। ਡਾ. ਸ੍ਰੀਮਤੀ ਵਿਦਿਆਵਤੀ ਕਹਿੰਦੀ ਹੈ ਕਿ “ਇਸਦੀ ਹਰ ਸਤਰ ਹਿਰਦੇ ਨੂੰ ਹਲੂਣ ਦੇਣ ਵਾਲੀ ਹੈ ਅਤੇ ਇਹ ਪਾਠਕ ਅਤੇ ਸਰੋਤੇ ਦੀ ਜੀਭ ਤੇ ਆਪ-ਮੁਹਾਰੀ ਚੜ੍ਹ ਜਾਂਦੀ ਹੈ।”[3] ਬੈਂਤ ਵਿੱਚ 4 ਪੰਕਤੀਆਂ ਹੁੰਦੀਆਂ ਹਨ ਅਤੇ ਹਰ ਪੰਕਤੀ ਵਿੱਚ 40 ਮਾਤਰਾਵਾਂ ਹੁੰਦੀਆਂ ਹਨ ਪਰ ਸ਼ਾਹ ਮੁਹੰਮਦ ਕਿਤੇ-ਕਿਤੇ ਇੱਕ ਦੋ ਮਾਤਰਾਵਾਂ ਘੱਟ-ਵੱਧ ਨਾਲ ਵੀ ਪੰਕਤੀ ਪੂਰੀ ਕਰ ਦਿੰਦਾ ਹੈ। ਇਸਦੀਆਂ ਉਦਾਹਰਨਾਂ ਨੀਚੇ ਦੇਖੀਆਂ ਜਾ ਸਕਦੀਆਂ ਹਨ:
ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ,
ਸਦਾ ਰਹਿਣ ਨਾ ਕਾਲੜੇ ਕੇਸ ਮੀਆਂ।
(20+20 ਮਾਤਰਾਵਾਂ)
ਸਦਾ ਨਹੀਂ ਜਵਾਨੀ ਤੇ ਅੰਸ਼ ਮਾਪੇ,
ਸਦਾ ਨਹੀਂ ਜੇ ਬਾਲ ਵਰੇਸ ਮੀਆਂ।
(20+19 ਮਾਤਰਾਵਾਂ)
ਵਿਅੰਗ
[ਸੋਧੋ]ਵਿਅੰਗ ਕਰਨ ਦੇ ਵਿੱਚ ਸ਼ਾਹ ਮੁਹੰਮਦ ਇੱਕ ਨਿਪੁੰਨ ਕਲਾਕਾਰ ਹੈ। ਸੀਤਾ ਰਾਮ ਕੋਹਲੀ ਅਨੁਸਾਰ ਵੀ ਉਹ ਸਿਰ ਢੁਕਵੀਂ ਟੋਕ ਕਰਨੀ ਜਾਣਦਾ ਹੈ।[4] ਵਿਅੰਗ ਦੀ ਇੱਕ ਉਦਾਹਰਨ ਜੰਗਨਾਮੇ ਵਿੱਚ ਉਸ ਘਟਨਾ ਵਿੱਚ ਦੇਖੀ ਜਾ ਸਕਦੀ ਹੈ ਜਦੋਂ ਰਾਣੀ ਜਿੰਦਾਂ ਦੇ ਭਰਾ ਜਵਾਹਰ ਸਿੰਘ ਦੇ ਕਤਲ ਤੋਂ ਬਾਅਦ ਉਹ ਰੋ ਰਹੀ ਹੁੰਦੀ ਤਾਂ ਉਸਨੂੰ ਮਿਹਣਾ ਮਾਰਿਆ ਜਾਂਦਾ ਹੈ:
ਕਿਹੜਾ ਪਾਤਸ਼ਾਹ ਦਾ ਪੁੱਤ ਮੋਇਆ ਸਾਬੋਣ,
ਜਿਹੜੇ ਡੂੰਘੜੇ ਵੈਣ ਤੂੰ ਪਾਵਨੀ ਹੈ।
ਇਸ ਜੰਗਨਾਮੇ ਦੇ ਕਲਾ ਪੱਖ ਵਿੱਚ ਇਹਨਾਂ ਪੱਖਾਂ ਤੋਂ ਬਿਨਾਂ ਕੁਝ ਹੋਰ ਪੱਖਾਂ ਦਾ ਅਧਿਐਨ ਵੀ ਕੀਤਾ ਜਾ ਸਕਦਾ ਹੈ ਜਿਵੇਂ ਕਿ ਸ਼ੈਲੀ, ਨਾਟਕੀਅਤਾ, ਕਲਪਨਾ ਆਦਿ।
ਹਵਾਲੇ
[ਸੋਧੋ]- ↑ ਬਲਬੀਰ ਸਿੰਘ ਪੂਨੀ, ਸ਼ਾਹ ਮੁਹੰਮਦ ਜੰਗ ਸਿੰਘਾਂ ਤੇ ਅੰਗਰੇਜ਼ਾਂ, ਵਾਰਿਸ ਸ਼ਾਹ ਫਾਊਂਡੇਸ਼ਨ, ਪੰਨਾ ਨੰ. 80, ਸਾਲ-1997
- ↑ ਜਗਜੀਤ ਸਿੰਘ, ਕਿੱਸਾ(ਜੰਗਨਾਮਾ) ਸ਼ਾਹ ਮੁਹੰਮਦ, ਪੰਨਾ ਨੰ. 113
- ↑ ਡਾ. ਸ੍ਰੀਮਤੀ ਵਿਦਿਆਵਤੀ, ਸ਼ਾਹ ਮੁਹੰਮਦ ਦਾ ਜੰਗਨਾਮਾ, ਸੰਗਮ ਪਬਲੀਕੇਸ਼ਨਜ਼, ਸਮਾਣਾ, ਪੰਨਾ ਨੰ. 54, ਸਾਲ-2005
- ↑ ਬਲਬੀਰ ਸਿੰਘ ਪੂਨੀ, ਸ਼ਾਹ ਮੁਹੰਮਦ ਜੰਗ ਸਿੰਘਾਂ ਤੇ ਅੰਗਰੇਜ਼ਾਂ, ਵਾਰਿਸ ਸ਼ਾਹ ਫਾਊਂਡੇਸ਼ਨ, ਪੰਨਾ ਨੰ. 88, ਸਾਲ-1997