ਪੁਰਾਤਨ ਜਨਮ ਸਾਖੀ

Wikibooks ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਪੁਰਾਤਨ ਜਨਮ ਸਾਖੀ ਪੁਸਤਕ ਭਾਈ ਵੀਰ ਸਿੰਘ ਦੁਆਰਾ ਸੰਪਾਦਿਕ ਕੀਤੀ ਕਿਤਾਬ ਹੈ।

ਪੁਰਾਤਨ ਜਨਮ ਸਾਖੀ ਵਿਚ ਬਾਬੇ ਨਾਨਕ ਦਾ ਚਰਿਤਰ[ਸੋਧੋ]

ਜਨਮਸਾਖੀ ਪੁਰਾਤਨ ਪੰਜਾਬੀ ਵਾਰਤਕ ਦੀ ਇੱਕ ਅਜਿਹੀ ਵੰਨਗੀ ਹੈ ਜਿਸ ਵਿਚ ਕਿਸੇ ਅਧਿਆਤਮਕ ਪੁਰਸ਼ ਨੂੰ ਨਾਇਕ ਦਾ ਦਰਜਾ ਦਿੱਤਾ ਜਾਂਦਾ ਹੈ. ਜਨਮਸਾਖੀ ਦੋ ਸ਼ਬਦਾਂ ਦਾ ਸੁਮੇਲ ਹੈ. ਇਸ ਤਰ੍ਹਾਂ ਇਸ ਸ਼ਬਦ ਦੇ ਅਰਥ ਹਨ ਜਨਮ ਦੀ ਗਵਾਹੀ. ਨਾਇਕ ਦਾ ਜਨਮ ਬਿਆਨ ਕੀਤਾ ਜਾਂਦਾ ਹ ਅਤੇ ਇਸਦੀ ਗਵਾਹੀ ਸਾਖੀਕਾਰ ਆਪ ਭਰ ਦਿੰਦਾ ਹੈ. ਇਸ ਪਰਿਭਾਸ਼ਾ ਤੋਂ ਇਹ ਗੱਲ ਵੀ ਸਪਸ਼ਟ ਹੁੰਦੀ ਹੈ ਕਿ ਇਸ ਰਚਨਾ ਦਾ ਸਾਖੀਕਾਰ ਕੋਈ ਇਤਿਹਾਸਕ ਵਿਅਕਤੀ ਹੁੰਦਾ ਹੈ ਭਾਵ ਉਸ ਕਲਪਨਾ ਦਾ ਪਾਤਰ ਨਾ ਹੋ ਕੇ ਉਸਨੇ ਅਸਲ ਜੀਵਨ ਗੁਜਾਰਿਆ ਹੁੰਦਾ ਹੈ. ਦੂਜੀ ਗੱਲ ਉਹ ਇੱਕ ਪਰਭਾਵਸ਼ਾਲੀ ਵਿਅਕਤੀ ਹੁੰਦਾ ਹੈ. ਇਸਲਈ ਸਾਖੀਕਾਰ ਉਸਨੂੰ ਆਪਣੀ ਲਿਖਤ ਦਾ ਪਾਤਰ ਬਣਾਕੇ ਉਸਦੇ ਸ਼ਰਧਾਲੂਆਂ ਦੇ ਖੇਤਰ ਨੂੰ ਵਧਾਉਦਾ ਹੈ. ਪੁਰਾਤਨ ਜਨਮਸਾਖੀ ਭਾਈ ਵੀਰ ਸਿੰਘ ਨੇ ਸੰਪਾਦਿਤ ਕਰਕੇ 1926 ਈ. ਵਿਚ ਪ੍ਰਕਾਸ਼ਿਤ ਕੀਤੇ. ਇਸਨੂੰ ਪੁਰਾਤਨ ਦਾ ਦਰਜਾ ਭਾਈ ਵੀਰ ਸਿੰਘ ਨੇ ਹੀ ਦਿੱਤਾ. ਇਸ ਜਨਮਸਾਖੀ ਦੀਆਂ ਦੋ ਆਧਾਰ ਪੋਥੀਆਂ ਹਨ. ਭਾਈ ਵੀਰ ਸਿੰਘ ਨੇ ਦੋਹਾਂ ਨੂੰ ਹੀ ਜਨਮਸਾਖੀ ਤਿਆਰ ਕਰਨ ਲੈ ਅਧਾਰ ਬਣਾਇਆ ਹੈ. ਪੁਰਾਤਨ ਜਨਮਸਾਖੀ ਵਿਚ ਕੁਲ 57 ਜਨਮਸਾਖੀਆਂ ਹਨ ਅਤੇ ਗੁਰੂ ਨਾਨਕ ਦੀਆਂ ਅਧਿਆਤਮਕ ਯਾਤਰਾਵਾਂ ਨੂੰ 5 ਹਿੱਸਿਆਂ ਵਿਚ ਵੰਡ ਲਿਆ ਗਿਆ ਹੈ.

  • ਪੁਰਾਤਨ ਜਨਮਸਾਖੀ ਵਿਚ ਗੁਰੂ ਨਾਨਕ ਦੇ ਚਰਿੱਤਰ ਦੀ ਪੇਸ਼ਕਾਰੀ ਪੁਰਾਤਨ ਜਨਮਸਾਖੀ ਪੁਰਾਤਨ ਵਾਰਤਕ ਦੀ ਇੱਕ ਅਜਿਹੀ ਵੰਨਗੀ ਹੈ ਜੋ ਗੁਰੂ ਨਾਨਕ ਦੀ ਸ਼ਖਸੀਅਤ ਬਾਰੇ ਹੈ. ਇਸ ਵਿਚ ਨਾਨਕ ਦੇ ਚਰਿੱਤਰ ਨੂੰ ਸ਼ਰਧਾ ਅਤੇ ਸਤਿਕਾਰ ਦੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਗਿਆ ਹੈ. ਭਾਵੇਂ ਜਨਮਸਾਖੀ ਵਿਚ ਹੋਰ ਵੀ ਪਾਤਰ ਹਨ ਪਰ ਸਾਰੀ ਜਨਮਸਾਖੀ ਵਿਚ ਨਾਨਕ ਹੀ ਛਾਇਆ ਰਹਿੰਦਾ ਹੈ. ਬਾਕੀ ਪਾਤਰਾਂ ਦੇ ਮੁਕਾਬਲੇ ਨਾਨਕ ਦਾ ਚਰਿੱਤਰ ਵਧੇਰੇ ਆਧਿਆਤਾਮਕ ਢੰਗ ਨਾਲ ਪੇਸ਼ ਹੋਇਆ ਹੈ. ਪੁਰਾਤਨ ਜਨਮਸਾਖੀ ਵਿਚ ਨਾਨਕ ਦੀ ਜੋ ਸ਼ਖਸੀਅਤ ਉਭਰਦੀ ਹੈ, ਉਸ ਉੱਪਰ ਚਰਚਾ ਹੇਠ ਲਿਖੇ ਅਨੁਸਾਰ ਹੈ:
  • ਵੱਡਾ ਭਗਤ ਸਾਖੀ ਦੇ ਸਾਖੀਕਾਰ ਨੇ ਨਾਨਕ ਦੇ ਚਰਿੱਤਰ ਨੂੰ ਦੂਜੇ ਪਾਤਰਾਂ ਦੇ ਮੁਕਾਬਲੇ ਰੱਬ ਦੇ ਵੱਡੇ ਭਗਤ ਵਜੋਂ ਦਰਸਾਇਆ ਹੈ. ਜਦੋ ਨਾਨਕ ਨੂੰ ਪਾਂਧੇ ਕੋਲ ਪੜਨ ਭੇਜਿਆ ਜਾਂਦਾ ਹੈ ਤਾਂ ਪਾਂਧਾ ਨਾਨਕ ਦੇ ਵਿਚਾਰ ਸੁਣਕੇ ਹੈਰਾਨ ਹੋ ਜਾਂਦਾ ਹੈ. ਏਨਾ ਹੀ ਨਹੀਂ, ਸਾਖੀਕਾਰ ਨੇ ਗੁਰੂ ਨਾਨਕ ਨੂੰ ਵੱਡਾ ਸਾਬਿਤ ਕਰਨ ਲਈ ਪਾਂਧੇ ਕੋਲੋਂ ਨਾਨਕ ਨੂੰ ਨਮਸਕਾਰ ਵੀ ਕਰਵਾਈ. ਇਸ ਤੋਂ ਇਲਾਵਾ ਸਾਖੀਕਾਰ ਗੁਰੂ ਨਾਨਕ ਨੂੰ ਬਹੁਤੇ ਥਾਵੇਂ ‘ਗੁਰੂ’ ਜਾਂ ‘ਪਰਮੇਸ਼ਰ’ ਵੀ ਕਹਿੰਦਾ ਹੈ. ਅਜਿਹੀ ਬਿਰਤੀ ਨਾਲ ਕੀਤੀ ਵਡਿਆਈ ਦਾ ਸਬੂਤ ਪੁਰਾਤਨ ਜਨਮਸਾਖੀ ਦੀਆਂ ਸਾਖੀਆਂ 1, 10, 21, 22 ਆਦਿ ਵਿਚ ਮਿਲਦਾ ਹੈ. ਸਾਖੀਕਾਰ ਨਾਨਕ ਨੂੰ ਹਰ ਵੇਲੇ ਨਾਮ ਖੁਮਾਰੀ ਵਿਚ ਲੀਨ ਦਿਖਾਉਂਦਾ ਹੈ. ਇਸ ਤਰ੍ਹਾਂ ਦੀਆਂ ਬ੍ਰਿਤਾਂਤਕ ਜੁਗਤਾਂ ਰਾਹੀਂ ਸਾਖੀਕਾਰ ਨਾਨਕ ਨੂੰ ਬਾਕੀ ਪਾਤਰਾਂ ਦੇ ਮੁਕਾਬਲੇ ਰੱਬ ਦਾ ਵੱਡਾ ਭਗਤ ਸਾਬਿਤ ਕਰ ਦਿੰਦਾ ਹੈ.
  • ਕਰਾਮਾਤੀ ਨਾਇਕ ਪੁਰਾਤਨ ਜਨਮਸਾਖੀ ਦੇ ਸਾਖੀਕਾਰ ਨੇ ਜਾਣ-ਬੁਝ ਕੇ ਗੁਰੂ ਨਾਨਕ ਨਾਲ ਕਰਾਮਾਤੀ ਅੰਸ਼ਾਂ ਨੂੰ ਜੋੜਿਆ ਹੈ ਤਾਂ ਜੋ ਉਸਦਾ ਚਰਿੱਤਰ ‘ਕਰਨੀ ਵਾਲਾ’ ਸਿਧ ਹੋ ਸਕੇ. ਗੁਰੂ ਨਾਨਕ ਦੀ ਮਰਜੀ ਨਾਲ ਖੇਤ ਹਰਾ ਜਾਂਦਾ ਹੈ. ਦਰਖਤ ਦੀ ਛਾਂ ਫਿਰਨ ਕੀਤੀ ਜਾਂਦੀ ਹੈ. ਮਰੇ ਹਾਥੀਆਂ ਨੂੰ ਜਿੰਦਾ ਕਰ ਦਿੰਦਾ ਹੈ. ਸਹਾਇਕ ਪਾਤਰ ਮਰਦਾਨਾ ਮਾਸੂਮ ਜਿਹਾ ਬਣ ਕੇ ਕੋਈ ਗਲਤੀ ਕਰ ਦਿੰਦਾ ਹੈ ਤਾਂ ਨਾਨਕ ਆਪਣੀ ਸ਼ਕਤੀ ਨਾਲ ਠੀਕ ਕਰ ਦਿੰਦਾ ਹੈ. ਸਾਖੀ ਨ. 47 ਵਿਚ ਨਾਨਕ ਮੋਏ ਰਾਜਕੁਮਾਰ ਨੂੰ ਜਿੰਦਾ ਕਰਕੇ ਆਪ ਲੋਪ ਹੋ ਜਾਂਦਾ ਹੈ. ਇੱਕ ਸਾਖੀ ਵਿਚ ਤਾਂ ਸਾਖੀਕਾਰ ਇੱਥੋਂ ਤੱਕ ਕਹੀ ਜਾਂਦਾ ਹੈ ਕਿ ਨਾਨਕ ਦੀ ਮੌਤ ਤੋਂ ਬਾਅਦ ਹਿੰਦੁਆਂ ਅਤੇ ਮੁਸਲਮਾਨਾਂ ਵਿਚ ਝਗੜਾ ਹੋ ਜਾਂਦਾ ਹੈ. ਮੁਸਲਮਾਨ ਉਸਨੂੰ ਦਫਨਾਉਨਾ ਚਾਹੁੰਦੇ ਸਨ ਪਰ ਹਿੰਦੂ ਉਸਦਾ ਦਾਹ-ਸੰਸਕਾਰ ਕਰਨਾ ਚਾਹੁੰਦੇ ਸਨ ਪਰ ਇਸਦੇ ਹੱਲ ਲਈ ਜਦੋਂ ਚਾਦਰ ਨੂੰ ਚੁੱਕਿਆ ਗਿਆ ਤਾਂ ਉਸ ਹੇਠਾਂ ਸਿਰਫ ਫੁੱਲ ਸਨ. ਇਸ ਤਰ੍ਹਾਂ ਸਾਖੀਕਾਰ ਨਾਨਕ ਦੀ ਮੌਤ ਹੋਣ ਤੋਂ ਬਾਅਦ ਵੀ ਉਸਨੂੰ ਕਰਾਮਾਤੀ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ.
  • ਆਦਰਸ਼ਕ ਭੇਖਧਾਰੀ ਸ਼ਖਸੀਅਤ ਗੁਰੂ ਨਾਨਕ ਦੇਵ ਪੁਰਾਨ ਜਨਮਸਾਖੀ ਦੀ ਪੂਰੀ ਲਿਖਤ ਵਿਚ ਛਾਏ ਰਹਿੰਦੇ ਹਨ. ਕਰਤਾ ਦਾ ਇੱਕੋ ਇੱਕ ਟੀਚਾ ਇਹ ਹੈ ਕਿ ਉਹ ਬਾਕੀ ਪਾਤਰਾਂ ਤੋਂ ਅਲੱਗ ਦਿਸਣ. ਇਸ ਮਨੋਰਥ ਦੀ ਪੂਰਤੀ ਲਈ ਉਹ ਕਈ ਬਿਰਤਾਂਤਕ ਜੁਗਤਾਂ ਨੂੰ ਅਪਣਾਉਂਦਾ ਹੈ. ਗੁਰੂ ਸਾਹਿਬ ਦੇ ਸਰੀਰ ਉੱਪਰ ਵੰਨ-ਸੁਵੰਨੇ ਵਸਤਰ ਸਜਾਉਂਦਾ ਹੈ. ਸਾਖੀ ਵਿਚ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਗੁਰੂ ਸਾਹਿਬ ਜਦ ਵੀ ਜਿਸ ਜਗਹ ਉੱਪਰ ਜਾਂਦੇ ਸਨ, ਉੱਥੋਂ ਦਾ ਪਹਿਰਾਵਾ ਪਹਿਨ ਲੈਂਦੇ ਸਨ. ਕਹਿਣ ਤੋਂ ਭਾਵ ਸਾਖੀਕਾਰ ਨੇ ਉਹਨਾਂ ਦੀ ਸ਼ਖਸੀਅਤ ਭੇਖਧਾਰੀ ਦਿਖਾਈ ਹੋਈ ਹੈ. ਸਾਖੀ ਨ. 16 ਵਿਚ ਨਾਨਕ ਦੀ ਪਹਿਲੀ ਉਦਾਸੀ ਵਿਚ ਉਹਨਾਂ ਦੇ ਸਿਰ ਉੱਪਰ ਕਲੰਦਰੀ ਟੋਪੀ ਪਹਿਨੀ ਹੋਈ ਹੈ. ਦੂਜੀ ਉਦਾਸੀ ਵਿਚ ਉਹਨਾਂ ਦੇ ਪੈਰਾਂ ਵਿਚ ਖੜਾਵਾਂ ਪਾਈਆਂ ਹੋਈਆਂ ਸਨ. ਸਾਖੀ ਨ. 49 ਵਿਚ ਉਹਨਾਂ ਦੇ ਮੱਥੇ ਉੱਪਰ ਤਿਲਕ ਸੀ. ਸਾਖੀ ਨ. 51 ਵਿਚ ਗੁਰੂ ਸਾਹਿਬ ਨੀਲੇ ਵਸਤਰ ਪਾ ਕੇ ਬਾਲਕਾਂ ਸੰਗ ਖੇਡਦੇ ਸਨ ਅਤੇ ਉਹਨਾਂ ਦੇ ਪੈਰਾਂ ਵਿਚ ਚਮ ਦੀਆਂ ਜੁੱਤੀਆਂ ਪਹਿਨੀਆਂ ਹੋਈਆਂ ਸਨ. ਇਸ ਸਾਰੇ ਵਿਵਰਣ ਤੋਂ ਇਹ ਸਿਧ ਹੋ ਜਾਂਦਾ ਹੈ ਕਿ ਨਾਨਕ ਸਿਰਫ ਸਰੀਰ ਦਾ ਨਹੀਂ ਮਨ ਦਾ ਵੀ ਪ੍ਰਬਲ ਸੀ. ਇਸ ਤਰ੍ਹਾਂ ਸਾਖੀਕਾਰ ਗੁਰੂ ਸਾਹਿਬ ਦੇ ਸਰੀਰਕ ਵਸਤਰਾਂ ਰਾਹੀਂ ਉਹਨਾਂ ਦੀ ਸ਼ਖਸੀਅਤ ਬਾਰੇ ਖਿਚ ਪੈਦਾ ਕਰਨਾ ਚਾਹੁੰਦਾ ਹੈ ਅਤੇ ਗੁਰੂ ਨਾਨਕ ਨੂੰ ਦੂਜੇ ਪਾਤਰਾਂ ਤੋਂ ਅਲੱਗ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ.
  • ਅਣਥੱਕ ਯਾਤਰੀ ਗੁਰੂ ਨਾਨਕ ਇੱਕ ਸਦਾਚਾਰਕ ਵਿਚਾਰਧਾਰਾ ਦੇ ਧਾਰਨੀ ਸਨ. ਉਹ ਇਸਨੂੰ ਹੋਰ ਅੱਗੇ ਤੋਰਨਾ ਚਾਹੁੰਦੇ ਸਨ. ਇਸਦੇ ਲਈ ਉਹਨਾਂ ਚਾਰ ਉਦਾਸੀਆਂ ਕੀਤੀਆਂ. ਪੁਰਾਤਨ ਜਨਮਸਾਖੀ ਵਿਚ ਉਹਨਾਂ ਚਾਰਾਂ ਉਦਾਸੀਆਂ ਦਾ ਜ਼ਿਕਰ ਆਉਂਦਾ ਹੈ. ਪਹਿਲੀ ਇਹ ਕਿ ਮੱਧਕਾਲੀ ਯੁੱਗ ਵਿਚ ਭਾਵੇਂ ਆਣ-ਜਾਣ ਵਾਲੇ ਸਾਧਨਾ ਦੇ ਘਾਟ ਸੀ ਪਰ ਉਸ ਵੇਲੇ ਦੇ ਆਧਿਆਤਮਕ ਨਾਇਕਾਂ ਦੇ ਲਈ ਇਹ ਗੱਲ ਪਰਚੱਲਿਤ ਸੀ ਕਿ ਉਹ ਆਪਣੀ ਵਿਚਾਰਧਾਰਾ ਨੂੰ ਘੁੰਮ-ਘੁੰਮ ਕੇ ਹੀ ਪ੍ਰਚਾਰਨ. ਗੁਰੂ ਸਾਹਿਬ ਨੇ ਲਗਭਗ 25,੦੦੦ ਮੀਲ ਦੀ ਯਾਤਰਾ ਕੀਤੀ. ਇਸ ਤਰ੍ਹਾਂ ਸਾਖੀਕਾਰ ਗੁਰੂ ਨਾਨਕ ਨੂੰ ਇੱਕ ਅਣਥੱਕ ਯਾਤਰੀ ਸਾਬਿਤ ਕਰ ਦਿੰਦਾ ਹੈ. ਗੁਰੁ ਨਾਨਕ ਨੂੰ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਦਿਆਂ ਦਿਖਾਇਆ ਗਿਆ ਹੈ. ਉਹ ਬਾਬਰ ਕੋਲੋਂ ਵੀ ਨਹੀਂ ਡਰਦਾ. ਕਈ ਹੋਰ ਪਾਤਰਾਂ ਨਾਲ ਸੰਵਾਦ ਰਾਹੀਂ ਸਾਖੀਕਾਰ ਗੁਰੂ ਨਾਨਕ ਦੀ ਸ਼ਖਸੀਅਤ ਨੂੰ ਬਾਕੀ ਪਾਤਰਾਂ ਤੋਂ ਅੱਡ ਦਿਖਾਉਂਦਾ ਹੈ.
  • ਸਿੱਟਾ ਇਸ ਤਰ੍ਹਾਂ ਸਾਖੀਕਾਰ ਦਾ ਇੱਕੋ-ਇੱਕ ਮਨੋਰਥ ਜਾਪਦਾ ਹੈ ਕਿ ਉਹ ਬਾਕੀ ਪਾਤਰਾਂ ਨੂੰ ਘੱਟ ਮਹੱਤਵਪੂਰਨ ਦਿਖਾ ਕੇ ਗੁਰੂ ਨਾਨਕ ਦੀ ਸ਼ਖਸੀਅਤ ਉਸਾਰੀ ਨੂੰ ਵੱਧ ਤਰਜੀਹ ਦਿੰਦਾ ਹੈ. ਇਸ ਵਿਚ ਕੋਈ ਸ਼ੱਕ ਨਹੀਂ, ਮੱਧਕਾਲ ਵਿਚ ਗੁਰੂ ਨਾਨਕ ਦਾ ਕੱਦ ਅਧਿਆਤਮਕ ਅਤੇ ਸਾਹਿੱਤਕ ਖੇਤਰ ਵਿਚ ਬਹੁਤ ਉੱਚਾ ਹੈ ਪਰ ਜਿਸ ਤਰ੍ਹਾਂ ਗੁਰੂ ਨਾਨਕ ਦੀ ਸ਼ਖਸੀਅਤ ਨੂੰ ਸਾਖੀ ਵਿਚ ਪੇਸ਼ ਕੀਤਾ ਗਿਆ ਹੈ, ਉਸ ਰਾਹੀਂ ਪੇਸ਼ ਨਾਇਕ ਯਥਾਰਥ ਤੋਂ ਕਿਤੇ ਦੂਰ ਦਾ ਲੱਗਦਾ ਹੈ. ਸਾਖੀਕਾਰ ਦੁਆਰਾ ਜਿਆਦਾ ਜੋਰ ਉਸਦੀ ਰੁਮਾਂਟਿਕ ਪੇਸ਼ਕਾਰੀ ਉੱਪਰ ਹੈ ਜਿਸ ਨਾਲ ਉਸਦੀ ਸਦਾਚਾਰਕ ਅਤੇ ਆਧਿਆਤਮਕ ਦਿਖ ਧੁੰਦਲੀ ਕਰ ਦਿੱਤੀ ਗਈ ਹੈ.