ਪੰਜਾਬੀ ਭਾਸ਼ਾ ਦੇ ਵਾਕ ਦੀ ਬਣਤਰ ਅਤੇ ਵਰਗੀਕਰਨ

Wikibooks ਤੋਂ

ਵਾਕ ਭਾਸ਼ਾ ਦੀ ਵਿਆਕਰਨਕ ਪੱਧਰ ਤੇ ਸਭ ਤੋਂ ਵੱਡੀ ਇਕਾਈ ਹੈ ।

ਵਾਕ ਦੀ ਪਰਿਭਾਸ਼ਾ[ਸੋਧੋ]

 • ਬਲੂਮਫੀਲਡ ਅਨੁਸਾਰ (BLOOMFIELD, LANGUAGE) :- “ ਵਾਕ ਇੱਕ ਸੁਤੰਤਰ ਭਾਸ਼ਕ ਰੂਪ ਹੈ, ਜੋ ਕਿਸੇ ਵੀ ਹੋਰ ਵੱਡੇ ਭਾਸ਼ਾਈ ਰੂਪ ਦਾ ਅੰਗ ਨਹੀਂ ਹੁੰਦਾ ”।
 • ਲਾਇਨਜ ਅਨੁਸਾਰ (LYONS, INTRODUCTION TO THEORETICAL LINGUISTICS) :- “ ਵਾਕ ਵਿਆਕਰਨਕ ਵਿਸ਼ਲੇਸ਼ਣ ਦੀ ਸਭ ਤੋਂ ਵੱਡੀ ਇਕਾਈ ਹੈ ” ।
 • ਡਾ. ਬਲਦੇਵ ਸਿੰਘ ਚੀਮਾਂ ਅਨੁਸਾਰ :- “ ਵਿਆਕਰਨਕ ਅਧਿਐਨ ਦੀ ਵੱਡੀ ਤੋਂ ਵੱਡੀ ਇਕਾਈ ਨੂੰ ਵਾਕ ਆਖਿਆ ਜਾਂਦਾ ਹੈ । ਵਾਕ ਆਪਣੀ ਸੰਰਚਨਾਤਮਕ ਬਤਰ ਕਰਕੇ ਕਿਸੇ ਦੂਜੀ ਇਕਾਈ ਦੇ ਅਧੀਨ ਨਹੀਂ ਹੁੰਦਾ ” ।
 • ਜੋਗਿੰਦਰ ਸਿੰਘ ਪੁਆਰ ਅਨੁਸਾਰ :- “ ਵਾਕ ਸ਼ਬਦਾਂ / ਵਾਕੰਸ਼ਾਂ / ਉਪਵਾਕਾਂ ਦਾ ਸਮੂਹ ਹੁੰਦਾ ਹੈ । ਇਸ ਵਿੱਚ ਸ਼ਬਦ / ਵਾਕੰਸ਼ / ਉਪਵਾਕ ਕਿਸੇ ਖਾਸ ਤਰਤੀਬ ਵਿੱਚ ਵਿਚਰਦੇ ਹਨ ” ।

ਕੋਈ ਸ਼ਬਦ ਲੜੀ ਵਾਕ ਤਦ ਹੀ ਬਣਦੀ ਹੈ ਜਦ ਉਹ ਕਿਸੇ ਕੜੀਦਾਰ ਸੰਬੰਧਾਂ ਵਿੱਚ ਬੱਝ ਕੇ ਕਿਸੇ ਕਾਰਜ ਦਾ ਪ੍ਰਗਟਾਵਾ ਕਾਲ ਵਿੱਚ ਕਰੇ । ਰਵਾਇਤੀ ਵਿਆਕਰਨ ਅਨੁਸਾਰ ਵਾਕ ਉਦੇਸ਼ ਤੇ ਵਿਧੇ ਦੀ ਰਚਨਾ ਵਾਲ਼ਾ ਪ੍ਰਬੰਧ ਹੈ । ਉਦੇਸ਼ ਅਤੇ ਵਿਧੇ ਦੋਵੇਂ ਵਾਕ ਦੇ ਕਾਰਜੀ ਅੰਗ ਹਨ । ਵਾਕ ਵਿੱਚ ਜਿਸ ਬਾਰੇ ਕੁੱਝ ਕਿਹਾ ਗਿਆ ਹੁੰਦਾ ਹੈ ਉਸਨੂੰ ਉਦੇਸ਼ ਕਿਹਾ ਜਾਂਦਾ ਹੈ ਅਤੇ ਜੋ ਕੁੱਝ ਉਦੇਸ਼ ਬਾਰੇ ਕਿਹਾ ਜਾਂਦਾ ਹੈ ਉਸਨੂੰ ਵਿਧੇ ਦਾ ਨਾਂ ਦਿੱਤਾ ਜਾਂਦਾ ਹੈ । ਜਿਵੇਂ:- ਕੁੜੀ ਖੇਡ ਰਹੀ ਹੈ । ਉਦੇਸ਼ ਵਿਧੇ ਆਧੁਨਿਕ ਭਾਸ਼ਾ ਵਿਗਿਆਨੀ ਉਦੇਸ਼ ਅਤੇ ਵਿਧੇ ਦੀ ਥਾਂ ਉੱਪਰ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਦੀ ਵਰਤੋਂ ਕਰਦੇ ਹਨ । ਅਜੋਕੇ ਵਿਆਕਰਨ ਅਨੁਸਾਰ ਵਾਕ ਦੇ ਵਰਗੀਕਰਨ ਦੇ ਦੋ ਮੁੱਖ ਆਧਾਰ ਸਥਾਪਿਤ ਕੀਤੇ ਗਏ ਹਨ।

 • ਬਣਤਰ ਦੇ ਆਧਾਰ ਤੇ ਵਰਗੀਕਰਨ
 • ਕਾਰਜ ਦੇ ਆਧਾਰ ਤੇ ਵਰਗੀਕਰਨ
 • ਬਣਤਰ ਦੇ ਆਧਾਰ ਤੇ ਵਰਗੀਕਰਨ -ਬਣਤਰ ਦੇ ਪੱਖ ਤੋਂ ਵਾਕਾਂ ਦਾ ਵਿਸ਼ਲੇਸ਼ਣ ਇਹਨਾਂ ਦੀ ਅੰਦਰੂਨੀ ਬਣਤਰ ਦੇ ਆਧਾਰ ਤੇ ਕੀਤਾ ਜਾਂਦਾ ਹੈ । ਵਾਕ ਦੀ ਬਾਹਰੀ, ਅੰਦਰੂਨੀ ਬਣਤਰ ਦੇ ਅੰਤਰਗਤ ਵਾਕ ਵਿੱਚ ਵਿਚਰਨ ਵਾਲ਼ੇ ਤੱਤਾਂ ਦੀ ਆਪਸ ਵਿੱਚ ਜੁੜਨ ਪ੍ਰਕਿਰਿਆ ਅਤੇ ਵਿਚਰਨ ਸਥਾਨ ਨੂੰ ਮਹੱਤਤਾ ਦਿੱਤੀ ਜਾਂਦੀ ਹੈ । ਉਹਨਾਂ ਆਪਸ ਵਿੱਚਲੀ ਜੜ੍ਹਤ ਦੇ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ । ਇਸ ਆਧਾਰ ਤੇ ਵਾਕਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ :-
 1. ਇੱਕ ਕਿਰਿਆਵੀ ਵਾਕ
 2. ਬਹੁ-ਕਿਰਿਆਵੀ ਵਾਕ
 1. ਇੱਕ ਕਿਰਿਆਵੀ ਵਾਕ :- ਇੱਕ ਕਿਰਿਆਵੀ ਵਾਕ ਇਕਹਿਰੀ ਬਣਤਰ ਵਾਲ਼ਾ ਹੁੰਦਾ ਹੈ । ਇਸ ਵਿੱਚ ਕੇਵਲ ਇੱਕ ਉਦੇਸ਼ ਤੇ ਇੱਕ ਵਿਧੇ ਹੁੰਦਾ ਹੈ ਜਾਂ ਆਧੁਨਿਕ ਭਾਸ਼ਾ ਵਿਗਿਆਨ ਅਨੁਸਾਰ ਇੱਕ ਵਾਕੰਸ਼ ਅਤੇ ਇੱਕ ਕਿਰਿਆ ਵਾਕੰਸ਼ ਹੁੰਦਾ ਹੈ । ਇੱਕ ਕਿਰਿਆਵੀ ਵਾਕ ਨੂੰ ਸਧਾਰਨ ਵਾਕ ਕਿਹਾ ਜਾਂਦਾ ਹੈ ।
 2. ਬਹੁ-ਕਿਰਿਆਵੀ ਵਾਕ :- ਜਿਸ ਵਾਕ ਵਿੱਚ ਇੱਕ ਤੋਂ ਵੱਧ ਕਿਰਿਆਵਾਂ ਹੋਣ , ਉਸ ਨੂੰ ਬਹੁ-ਕਿਰਆਵੀ ਵਾਕ ਕਿਹਾ ਜਾਂਦਾ ਹੈ । ਬਹੁ-ਕਿਰਿਆਵੀ ਵਾਕ ਦੋ ਜਾਂ ਦੋ ਤੋਂ ਵੱਧ ਉਪਵਾਕਾਂ ਦੇ ਸੁਮੇਲ ਤੋਂ ਬਣੀ ਵਾਕ ਸੰਰਚਨਾ ਹੁੰਦੀ ਹੈ । ਬਹੁ- ਕਿਰਿਆਵੀ ਵਾਕਾਂ ਵਿੱਚ ਸੰਯੁਕਤ ਤੇ ਮਿਸ਼ਰਤ ਵਾਕਾਂ ਨੂੰ ਰੱਖਿਆ ਜਾਂਦਾ ਹੈ ।
 • ਇਸ ਪ੍ਰਕਾਰ ਬਣਤਰ ਦੇ ਪੱਧਰ ਤੇ ਪੰਜਾਬੀ ਭਾਸ਼ਾ ਦੇ ਵਾਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ :-
 1. ਸਧਾਰਨ ਵਾਕ
 2. ਸੰਯੁਕਤ ਵਾਕ
 3. ਮਿਸ਼ਰਤ ਵਾਕ ।

ਸਧਾਰਨ ਵਾਕ ਦੀ ਬਣਤਰ ਦੇ ਪੈਟਰਨ[ਸੋਧੋ]

ਸਧਾਰਨ ਵਾਕ ਵਿੱਚ ਸਿਰਫ ਇੱਕ ਸਵਾਧੀਨ ਉਪਵਾਕ ਹੁੰਦਾ ਹੈ । ਇਸ ਸਵਾਧੀਨ ਉਪਵਾਕ ਵਿੱਚ ਸਿਰਫ ਇੱਕ ਕਿਰਿਆ ਵਾਕੰਸ਼ ਆ ਸਕਦਾ ਹੈ, ਜਿਸਦਾ ਰੂਪ ਕਾਲਕੀ ਹੁੰਦਾ ਹੈ । ਇਸ ਕਿਰਿਆ ਵਾਕੰਸ਼ ਨਾਲ਼ ਹੋਰ ਬਾਕੀ ਕਿਰਿਆ ਵਾਕੰਸ਼ ਆ ਜਾਂਦੇ ਹਨ ਜਿਵੇਂ:- ਨਾਂਵ ਵਾਕੰਸ਼, ਵਿਸ਼ੇਸ਼ਣ ਵਾਕੰਸ਼, ਕਿਰਿਆ ਵਿਸ਼ੇਸ਼ਣ ਵਾਕੰਸ਼ ਆਦਿ ਜੁੜ ਕੇ ਉਪਵਾਕ ਦਾ ਵਿਸਥਾਰ ਕਰ ਸਕਦੇ ਹਨ । ਸਧਾਰਨ ਵਾਕਾਂ ਨੂੰ ਸਮਝਣ ਲਈ ਇਹਨਾਂ ਵਾਕੰਸ਼ਾਂ ਦੇ ਆਪਸ ਵਿੱਚ ਜੁੜਨ ਦੀ ਪ੍ਰਕਿਰਿਆ ਨੂੰ ਸਮਝਣਾ ਜਰੂਰੀ ਹੁੰਦਾ ਹੈ । ਇਹਨਾਂ ਵਾਕੰਸ਼ਾਂ ਦੇ ਆਪਸੀ ਸੰਬੰਧਾਂ ਦੇ ਆਧਾਰ ਤੇ ਸਧਾਰਨ ਵਾਕਾਂ ਦੇ ਕੁੱਝ ਨਿਸ਼ਚਿਤ ਪੈਟਰਨ ਵੇਖੇ ਜਾ ਸਕਦੇ ਹਨ, ਜੋ ਇਸ ਪ੍ਰਕਾਰ ਹਨ:-

 • ਕਰਤਾ ਨਾਂਵ ਵਾਕੰਸ਼ + ਕਿਰਿਆ ਵਾਕੰਸ਼

ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਇੱਕ ਨਾਂਵ ਵਾਕੰਸ਼ ਹੁੰਦਾ ਹੈ, ਜਿਹੜਾ ਕਿ ਵਾਕ ਦਾ ਕਰਤਾ ਹੁੰਦਾ ਹੈ । ਇਹਨਾਂ ਵਾਕਾਂ ਦੀ ਕਿਰਿਆ ਅਕਰਮਕ ਹੰਦੀ ਹੈ ਕੁੜੀ(ਕਰਤਾ ਨਾਂਵ ਵਾਕੰਸ਼) ਹੱਸਦੀ ਹੈ(ਕਿਰਿਆ ਵਾਕੰਸ਼) ।

 • ਕਰਤਾ ਨਾਂਵ ਵਾਕੰਸ਼ + ਨਾਂਵ ਵਾਕੰਸ਼ + ਕਿਰਿਆ ਵਾਕੰਸ਼

ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਦੋ ਨਾਂਵ ਵਾਕੰਸ਼ ਹੁੰਦੇ ਹਨ । ਪਹਿਲਾ ਨਾਂਵ ਵਾਕੰਸ਼ ਵਾਕ ਦਾ ਉਦੇਸ਼ ਹੁੰਦਾ ਹੈ ਅਤੇ ਦੂਜਾ ਨਾਂਵ ਵਾਕੰਸ਼ ਪਹਿਲੇ ਵਾਕ ਦਾ ਹੀ ਪੂਰਕ ਹੁੰਦਾ ਹੈ । ਇਹਨਾਂ ਦੋਹਾਂ ਨਾਂਵ ਵਾਕੰਸ਼ਾਂ ਨੂੰ ਸਹਾਇਕ ਕਿਰਿਆ ਜੋੜਦੀ ਹੈ । ਪ੍ਰੋਫੈਸਰ ਦਾ ਮੁੰਡਾ(ਕਰਤਾ ਨਾਂਵ ਵਾਕੰਸ਼) ਡਾਕਟਰ(ਪੂਰਕ ਨਾਂਵ ਵਾਕੰਸ਼) ਬਣ ਗਿਆ(ਕਿਰਿਆ ਵਾਕੰਸ਼) ।

 • ਕਰਤਾ ਨਾਂਵ ਵਾਕੰਸ਼ + ਕਰਮ ਨਾਂਵ ਵਾਕੰਸ਼ + ਕਿਰਿਆ ਵਾਕੰਸ਼

ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਵੀ ਦੋ ਨਾਂਵ ਵਾਕੰਸ਼ ਹੁੰਦੇ ਹਨ । ਪਹਿਲਾ ਨਾਂਵ ਵਾਕੰਸ਼ ਵਾਕ ਦਾ ਕਰਤਾ ਹੁੰਦਾ ਹੈ ਅਤੇ ਦੂਜਾ ਨਾਂਵ ਵਾਕੰਸ਼ ਵਾਕ ਦਾ ਕਰਮ ਹੁੰਦਾ ਹੈ । ਅਜਿਹੇ ਵਾਕਾਂ ਦੀ ਕਿਰਿਆ ਸਕਰਮਕ ਹੁੰਦੀ ਹੈ । ਕੁੜੀ(ਕਰਤਾ ਨਾਂਵ ਵਾਕੰਸ਼) ਰੋਟੀ(ਕਰਮ ਨਾਂਵ ਵਾਕੰਸ਼) ਖਾਂਦੀ ਹੈ(ਕਿਰਿਆ ਵਾਕੰਸ਼) ।

 • ਕਰਤਾ ਨਾਂਵ ਵਾਕੰਸ਼ + ਅਪ੍ਰਧਾਨ ਕਰਮ + ਪ੍ਰਧਾਨ ਕਰਮ + ਕਿਰਿਆ ਵਾਕੰਸ਼

ਇਸ ਪੈਟਰਨ ਦੇ ਵਾਕਾਂ ਦੀ ਬਣਤਰ ਵਿੱਚ ਤਿੰਨ ਨਾਂਵ ਵਾਕੰਸ਼ ਹੁੰਦੇ ਹਨ । ਪਹਿਲਾ ਨਾਂਵ ਵਾਕੰਸ਼ ਕਰਤਾ ਨਾਂਵ ਵਾਕੰਸ਼ ਹੁੰਦਾ ਹੈ । ਦੂਜੇ ਦੋਵੇਂ ਕਰਮ ਨਾਂਵ ਵਾਕੰਸ਼ ਹੁੰਦੇ ਹਨ । ਇਹਨਾਂ ਵਿੱਚੋਂ ਇੱਕ ਪ੍ਰਧਾਨ ਕਰਮ ਨਾਂਵ ਵਾਕੰਸ਼ ਹੁੰਦਾ ਹੈ ਅਤੇ ਇੱਕ ਅਪ੍ਰਧਾਨ ਕਰਮ ਨਾਂਵ ਵਾਕੰਸ਼ ਹੁੰਦਾ ਹੈ । ਆਮ ਤੌਰ ਤੇ ਅਪ੍ਰਧਾਨ ਕਰਮ ਨਾਂਵ ਵਾਕੰਸ਼ , ਪ੍ਰਧਾਨ ਕਰਮ ਨਾਂਵ ਵਾਕੰਸ਼ ਤੋਂ ਪਹਿਲਾਂ ਆਉਂਦਾ ਹੈ । ਅਪ੍ਰਧਾਨ ਕਰਮ ਨਾਂਵ ਵਾਕੰਸ਼ ਨਾਲ਼ / ਨੂੰ / ਸੰਬੰਧਕ ਲਗਦਾ ਹੈ । ਪਿਤਾ ਨੇ(ਕਰਤਾ ਨਾਂਵ ਵਾਕੰਸ਼) ਧੀ ਨੂੰ(ਅਪ੍ਰਧਾਨ ਕਰਮ ਨਾਂਵ ਵਾਕੰਸ਼) ਪ੍ਰੋਫੈਸਰ(ਪ੍ਰਧਾਨ ਕਰਮ ਨਆਂਵ ਵਾਕੰਸ਼) ਬਣਾਇਆ(ਕਿਰਿਆ ਨਾਂਵ ਵਾਕੰਸ਼) ।

 • ਨਾਂਵ ਵਾਕੰਸ਼ + ਵਿਸ਼ੇਸ਼ਣ ਵਾਕੰਸ਼ + ਕਿਰਿਆ ਵਾਕੰਸ਼

ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਇੱਕ ਨਾਂਵ ਵਾਕੰਸ਼ ਅਤੇ ਇੱਕ ਵਿਸ਼ੇਸ਼ਣ ਵਾਕੰਸ਼ ਹੁੰਦਾ ਹੈ । ਜੋ ਕਿ ਨਾਂਵ ਦੀ ਹੀ ਵਿਸ਼ੇਸ਼ਤਾ ਦਸਦਾ ਹੈ । ਇਹਨਾਂ ਵਾਕੰਸ਼ਾਂ ਨੂੰ ਸਹਾਇਕ ਕਿਰਿਆ ਜੋੜਦੀ ਹੈ । ਕੁੜੀ(ਨਾਂਵ ਵਾਕੰਸ਼ ) ਗੋਰੀ(ਵਿਸ਼ੇਸ਼ਣ ਵਾਕੰਸ਼) ਹੈ(ਕਿਰਿਆ ਵਾਕੰਸ਼) ।

 • ਨਾਂਵ ਵਾਕੰਸ਼ + ਕਿਰਿਆ ਵਿਸ਼ੇਸ਼ਣ ਵਾਕੰਸ਼ + ਕਿਰਿਆ ਵਾਕੰਸ਼

ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਵਿੱਚ ਨਾਂਵ ਵਾਕੰਸ਼ ਦੇ ਨਾਲ਼ ਵਿਸ਼ੇਸ਼ਣ ਵਾਕੰਸ਼ ਦੀ ਥਾਂ ਕਿਰਿਆ ਵਿਸ਼ੇਸ਼ਣ ਵਾਕੰਸ਼ ਵਿਚਰਦਾ ਹੈ । ਇਸ ਤਰਾਂ ਦੇ ਵਾਕਾਂ ਦੀ ਕਿਰਿਆ ਅਕਾਲਕੀ ਹੁੰਦੀ ਹੈ । ਨਾਂਵ ਵਾਕੰਸ਼ ਵਾਕ ਦਾ ਕਰਤਾ ਜਾਂ ਉਦੇਸ਼ ਹੁੰਦਾ ਹੈ । ਮੁੰਡਾ(ਨਾਂਵ ਵਾਕੰਸ਼) ਗੱਡੀਓਂ(ਕਿਰਿਆ ਵਿਸ਼ੇਸ਼ਣ ਵਾਕੰਸ਼) ਉੱਤਰਿਆ(ਕਿਰਿਆ ਵਾਕੰਸ਼) ।

 • ਕਰਮ ਨਾਂਵ ਵਾਕੰਸ਼ + ਕਿਰਿਆ ਵਾਕੰਸ਼

ਇਸ ਤਰ੍ਹਾਂ ਦੇ ਵਾਕਾਂ ਦੀ ਬਣਤਰ ਵਿੱਚ ਸਿਰਫ ਕਰਮ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਹੀ ਹੁੰਦੇ ਹਨ । ਇਹਨਾਂ ਵਾਕਾਂ ਦਾ ਰੂਪ ਕਰਮਣੀਵਾਚੀ ਹੁੰਦਾ ਹੈ । ਅਰਦਾਸ(ਕਰਮ ਨਾਂਵ ਵਾਕੰਸ਼) ਕੀਤੀ ਗਈ(ਕਿਰਿਆ ਵਾਕੰਸ਼) ।

ਸੰਯੁਕਤ ਵਾਕਾਂ ਦੀ ਬਣਤਰ ਦੇ ਪੈਟਰਨ[ਸੋਧੋ]

ਜਿਹਨਾਂ ਵਾਕਾਂ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸਵਾਧੀਨ ਉਪਵਾਕ ਆਉਣ ਉਹਨਾਂ ਵਾਕਾਂ ਨੂੰ ਸੰਯੁਕਤ ਵਾਕਾਂ ਦਾ ਨਾਂ ਦਿੱਤਾ ਜਾਂਦਾ ਹੈ । ਇਹ ਉਪਵਾਕ ਇਕੱਲੇ ਤੌਰ ਤੇ ਵਿਚਰ ਸਕਣ ਦੀ ਸਮਰੱਥਾ ਵੀ ਰੱਖਦੇ ਹਨ । ਇਹਨਾਂ ਦੋ ਜਾਂ ਦੋ ਵਧੇਰੇ ਸਵਾਧੀਨ ਉਪਵਾਕਾਂ ਨੂੰ ਕਈ ਵਾਰ ਕਾਮੇ, ਤੇ, ਅਤੇ, ਪਰ ਆਦਿ ਯੋਜਕਾਂ ਨਾਲ਼ ਜੋੜਿਆ ਜਾਂਦਾ ਹੈ ।

 • ਮੁਖ ਉਪਵਾਕ + ਕੌਮਾ(,) + ਸਵਾਧੀਨ ਉਪਵਾਕ

ਕੁੜੀ ਖੜੀ ਹੈ(ਸਵਾਧੀਨ ਉਪਵਾਕ) ,(ਯੋਜਕ) ਮੁੰਡਾ ਬੈਠਾ ਹੈ(ਸਵਾਧੀਨ ਉਪਵਾਕ) ।

 • ਸਵਾਧੀਨ ਉਪਵਾਕ + ਤੇ + ਸਵਾਧੀਨ ਉਪਵਾਕ

ਮੁੰਡਾ ਲਿਖਦਾ ਹੈ(ਸਵਾਧੀਨ ਉਪਵਾਕ) ਤੇ(ਯੋਜਕ) ਕੁੜੀ ਪੜਦੀ ਹੈ(ਸਵਾਧੀਨ ਉਪਵਾਕ) ।

 • ਸਵਾਧੀਨ ਉਪਵਾਕ + ਪਰ + ਸਵਾਧੀਨ ਉਪਵਾਕ
 • ਸਵਾਧੀਨ ਉਪਵਾਕ + ਅਤੇ + ਸਵਾਧੀਨ ਉਪਵਾਕ

ਮਿਸ਼ਰਤ ਵਾਕਾਂ ਦੀ ਬਣਤਰ ਦੇ ਪੈਟਰਨ[ਸੋਧੋ]

ਮਿਸ਼ਰਤ ਵਾਕਾਂ ਦੀ ਬਣਤਰ ਵਿੱਚ ਘੱਟੋ-ਘੱਟ ਇੱਕ ਸਵਾਧੀਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਪਰਾਧੀਨ ਉਪਵਾਕ ਆ ਜਾਂਦੇ ਹਨ । ਸਵਾਧੀਨ ਉਪਵਾਕ ਵਿੱਚ ਵਿਚਰਨ ਵਾਲ਼ਾ ਕਿਰਿਆ ਵਾਕੰਸ਼ ਕਾਲਕੀ ਹੁੰਦਾ ਹੈ । ਜਦੋਂ ਕਿ ਪਰਾਧੀਨ ਉਪਵਾਕਾਂ ਦੀ ਸਿਰਜਣਾ ਅਕਾਲਕੀ ਕਿਰਿਆ ਵਾਕੰਸ਼ ਦੁਆਰਾ ਵੀ ਹੋ ਸਕਦੀ ਹੈ । ਸਵਾਧੀਨ ਇਕੱਲੇ ਤੌਰ ਤੇ ਵਾਕ ਵਜੋਂ ਵਿਚਰ ਸਕਣ ਦੀ ਸਮਰੱਥਾ ਰੱਖਦਾ ਹੈ । ਜਿੱਥੇ ਪਰਾਧੀਨ ਉਪਵਾਕ ਇਕੱਲੇ ਤੌਰ ਤੇ ਨਹੀਂ ਵਿਚਰ ਸਕਦਾ ਕਿਸੇ ਮੁੱਖ ਉਪਵਾਕ ਨਾਲ਼ ਵਿਚਰ ਕੇ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਨ ਵਿੱਚ ਸਹਾਈ ਹੁੰਦਾ ਹੈ । ਪੰਜਾਬੀ ਭਾਸ਼ਾ ਦੇ ਪਰਾਧੀਨ ਉਪਵਾਕਾਂ ਦੀ ਪਛਾਣ ਇਹਨਾਂ ਦੇ ਆਰੰਭ ਵਿੱਚ ਵਿਚਰਨ ਵਾਲ਼ੇ ਅਧੀਨ ਯੋਜਕਾਂ ਰਾਹੀਂ ਕੀਤੀ ਜਾਂਦੀ ਹੈ । ਪਰਾਧੀਨ ਉਪਵਾਕਾਂ ਦੀ ਸ਼ੁਰੂਆਤ ਕਿ, ਜੋ, ਜਿਵੇਂ, ਜਦੋਂ, ਜੇ, ਜਿਹੜੇ, ਜਿਹਨਾਂ ਆਦਿ ਨਾਲ ਹੁੰਦੀ ਹੈ ।

 • ਰੂਪ ਦੇ ਆਧਾਰ ਤੇ ਪਰਾਧੀਨ ਉਪਵਾਕਾਂ ਦੇ ਸ਼ੁਰੂ ਵਿੱਚ ਵਿਚਰਨ ਵਾਲ਼ੇ ਅਧੀਨ ਯੋਜਕਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ।
 1. ਸਧਾਰਨ ਅਧੀਨ ਯੋਜਕ – ਜੋ, ਜਿਵੇਂ, ਜਦੋਂ, ਜੇ, ਕਿ, ਆਦਿ ।
 2. ਸੰਯੁਕਤ ਯੋਜਕ - ਜਦੋਂ ਕਿ, ਜਿਵੇਂ ਕਿ ਆਦਿ ।
 3. ਸਹਿ-ਸੰਬੰਧਕੀ ਯੋਜਕ – ਜੇ – ਤਾਂ, ਭਾਵੇਂ -ਫਿਰ ਵੀ ।

ਉਦਾਹਰਣ:- ਭਾਵੇਂ ਉਸਦੇ ਦੋਸਤ ਮੂਰਖ ਹਨ, ਫਿਰ ਵੀ(ਪਰਾਧੀਨ ਉਪਵਾਕ) ਉਹ ਸਿਆਣਾ ਹੈ(ਸਵਾਧੀਨ ਉਪਵਾਕ) ।

ਕਾਰਜ ਦੇ ਆਧਾਰ ਤੇ ਵਰਗੀਕਰਨ[ਸੋਧੋ]

 • ਕਾਰਜ ਦੇ ਆਧਾਰ ਤੇ ਪੰਜਾਬੀ ਵਾਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ :-
 1. ਪ੍ਰਸ਼ਨਵਾਚੀ ਵਾਕ
 2. ਆਗਿਆਵਾਚੀ ਵਾਕ
 3. ਬਿਆਨੀਆ ਵਾਕ ।

ਪ੍ਰਸ਼ਨਵਾਚੀ ਵਾਕ[ਸੋਧੋ]

ਪ੍ਰਸ਼ਨਵਾਚੀ ਵਾਕ ਦੁਆਰਾ ਕੋਈ ਪ੍ਰਸ਼ਨ ਪੁੱਛਿਆ ਗਿਆ ਹੁੰਦਾ ਹੈ । ਇਹਨਾਂ ਦੀ ਸਿਰਜਣਾ ਦੋ ਪ੍ਰਕਾਰ ਹੁੰਦੀ ਹੈ । ਪਹਿਲੇ ਪ੍ਰਕਾਰ ਦੇ ਪ੍ਰਸ਼ਨਵਾਚਕ ਵਾਕਾਂ ਵਿੱਚ ਕਿਸੇ ਪ੍ਰਸ਼ਨ ਸੂਚਕ ਸ਼ਬਦ ਦੀ ਵਰਤੋਂ ਹੁੰਦੀ ਹੈ । ਜਦੋਂ ਕਿ ਦੂਜੀ ਪ੍ਰਕਾਰ ਦੇ ਪ੍ਰਸ਼ਨਵਾਚਕ ਵਿੱਚ ਇਸ ਪ੍ਰਕਾਰ ਦੀ ਵਰਤੋਂ ਲਾਜਮੀ ਨਹੀਂ ਹੁੰਦੀ । ਦੂਜੀ ਪ੍ਰਕਾਰ ਦੇ ਵਾਕਾਂ ਵਿੱਚ ਵਕਤੇ ਦੇ ਉਚਾਰਨ ਲਹਿਜੇ ਦੇ ਆਧਾਰ ਤੇ ਹੀ ਪ੍ਰਸਨਵਾਚਕ ਵਾਕਾਂ ਦੀ ਸਿਰਜਣਾ ਹੁੰਜੀ ਹੈ ।

 • ਕੀ ਤੁਸੀਂ ਕਿਤਾਬ ਪੜ੍ਹ ਲਈ ਹੈ ?
 • ਤੁਸੀਂ ਕਿਤਾਬ ਪੜ੍ਹ ਲਈ ਹੈ ?

ਆਗਿਆਵਾਚੀ ਵਾਕ[ਸੋਧੋ]

ਆਗਿਆਵਾਚੀ ਵਾਕ ਉਹ ਹੁੰਦੇ ਹਨ ਜਿਹਨਾਂ ਦਾ ਪ੍ਰਤੀਕਰਮ ਕਿਸੇ ਕਾਰਜ ਵਿੱਚ ਹੁੰਦਾ ਹੈ । ਇਹਨਾਂ ਵਾਕਾਂ ਵਿੱਚ ਕਰਤਾ ਦੀ ਆਮ ਤੌਰ ਤੇ ਅਣਹੋਂਦ ਹੁੰਦੀ ਹੈ । ਇਹਨਾਂ ਵਾਕਾਂ ਵਿੱਚ ਕੇਵਲ ਆਗਿਆਬੋਧਕ ਤੇ ਇੱਛਾਬੋਧਕ ਕਿਰਿਆਵਾਂ ਆਉਂਦੀਆਂ ਹਨ । ਕਾਰਜੀ ਪੱਖੋਂ ਇਹਨਾਂ ਵਾਕਾਂ ਦੀ ਸੁਰ ਹੁਕਮੀਆਂ ਜਾਂ ਬੇਨਤੀਵਾਚਕ ਹੁੰਦੀ ਹੈ । ਬੇਨਤੀ ਜਾਂ ਹੁਕਮ ਦਾ ਵਕਤਾ ਦੇ ਉਚਾਰਨ ਲਹਿਜੇ ਜਾਂ ਵਕਤਾ / ਸਰੋਤਾ ਦੇ ਰਿਸ਼ਤੇ ਤੋਂ ਪਤਾ ਚਲਦਾ ਹੈ । ਆਮ ਤੌਰ ਤੇ ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਤੋਂ ਹੁਕਮ ਜਾਂ ਬੇਨਤੀ ਦਾ ਪਤਾ ਨਹੀਂ ਲਗਦਾ , ਪਰ ਕਿਸੇ ਵਾਕ ਵਿੱਚ ਆਦਰਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਜਾਂ ਫਿਰ ਆਦਰਬੋਧਕ ਆਗਿਆਵਾਚੀ ਕਿਰਿਆ ਰੂਪਾਂ ਦੀ ਵਰਤੋਂ ਕੀਤੀ ਜਾਵੇ ਤਾਂ ਵਾਕਾਂ ਦਾ ਬੇਨਤੀਵਾਚਕ ਸਰੂਪ ਨਿਸ਼ਚਿਤ ਹੋ ਜਾਂਦਾ ਹੈ ।

 • ਚਾਹ ਲਿਆਓ !
 • ਕਿਰਪਾ ਕਰਕੇ ਦੁੱਧ ਲਿਆਓ !

ਬਿਆਨੀਆ ਵਾਕ[ਸੋਧੋ]

ਬਿਆਨੀਆ ਵਾਕਾਂ ਵਿੱਚ ਕਿਸੇ ਪ੍ਰਕਾਰ ਦੀ ਹਾਂ ਵਾਚਕ ਜਾਂ ਨਾਂਹ ਵਾਚਕ ਸੂਚਨਾ ਦਿੱਤੀ ਜਾਂਦੀ ਹੈ । ਇਹ ਵਾਕ ਵਰਣਨਮੁੱਖ ਹੁੰਦੇ ਹਨ । ਇਹਨਾਂ ਵਾਕਾਂ ਵਿੱਚ ਕਿਸੇ ਤੱਥ ਜਾਂ ਸੱਚਾਈ ਨੂੰ ਬਿਆਨ ਕੀਤਾ ਜਾਂਦਾ ਹੈ ਜਾਂ ਕਿਸੇ ਘਟਨਾ ਵਸਤ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੁੰਦੀ ਹੈ । ਜਿਵੇਂ:-

 • ਦਿੱਲੀ ਭਾਰਤ ਦੀ ਰਾਜਧਾਨੀ ਹੈ ।
ਸਿੱਟਾ[ਸੋਧੋ]

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਾਕ ਵਿਆਕਰਨ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ । ਇਸਨੂੰ ਅਸੀਂ ਬਣਤਰ ਅਤੇ ਕਾਰਜ ਦੇ ਆਧਾਰ ਤੇ ਵੰਡ ਕੇ ਇਸਦਾ ਵਰਗੀਕਰਨ ਕਰ ਸਕਦੇ ਹਾਂ ।